Aug 19, 2026 6:04 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ ਇਸ ਸਾਲ ਜੰਗਲੀ ਅੱਗ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਤਬਾਹ ਹੋਏ ਹਨ ਜਾਂ ਨੁਕਸਾਨੇ ਜਾ ਚੁੱਕੇ ਹਨ, ਇਹ ਹਾਲ ਹੀ ਦੇ ਸਾਲਾਂ ਵਿਚ ਜੰਗਲੀ ਅੱਗ ਕਾਰਨ ਹੋਈ ਸਭ ਤੋਂ ਵੱਡੀ ਇਮਾਰਤੀ ਤਬਾਹੀ ਵਿਚੋਂ ਇੱਕ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਹਾਲਾਂਕਿ ਇਸ ਸਾਲ 1,000 ਤੋਂ ਵੱਧ ਲੱਗੀਆਂ ਅੱਗਾਂ ਕਾਰਨ ਜੰਗਲ ਤਬਾਹ ਹੋਣ ਦਾ ਰਕਬਾ ਪਿਛਲੇ ਰਿਕਾਰਡ ਤੋੜ ਸਾਲਾਂ ਦੇ ਮੁਕਾਬਲੇ ਘੱਟ ਹੈ ਪਰ structural ਨੁਕਸਾਨ ਜ਼ਿਆਦਾ ਹੋਇਆ ਹੈ।
ਬੀ.ਸੀ. ਸਰਕਾਰ ਮੁਤਾਬਕ, ਇਸ ਤੋਂ ਪਹਿਲਾਂ 2023 ਦੇ ਜੰਗਲੀ ਅੱਗ ਸੀਜ਼ਨ ਦੌਰਾਨ 600 ਇਮਾਰਤਾਂ ਡੈਮੇਜ ਹੋਈਆਂ ਸਨ, ਜਿਨ੍ਹਾਂ ਵਿਚ 400 ਘਰ ਸਨ ਅਤੇ ਇਨ੍ਹਾਂ ਵਿਚੋਂ ਬਹੁਤੇ ਘਰ ਓਕਾਨਾਗਨ ਲੇਕ ਦੇ ਆਸਪਾਸ ਸਨ, ਜਿਥੇ ਇਸ ਵਾਰ ਵੀ ਨੁਕਸਾਨ ਹੋਇਆ ਹੈ। 2023 ਵਿਚ 6 ਫਾਈਰਫਾਈਟਰਜ਼ ਦੀ ਮੌਤ ਹੋ ਗਈ ਸੀ। ਇਸ ਦੇ ਮੁਕਾਬਲੇ ਮੌਜੂਦਾ ਸਾਲ ਦੌਰਾਨ ਹੁਣ ਤੱਕ ਸਮਰਲੈਂਡ ਨੇੜੇ ਮੈਡੋ ਵੈਲੀ ਵਿਚ ਸਿਰਫ਼ ਇੱਕ ਮਹਿਲਾ ਦੀ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਇਸ ਸਾਲ 4 ਅੱਗਾਂ ਨੇ ਵੱਡਾ ਰੂਪਾ ਧਾਰਨ ਕੀਤਾ ਹੈ, ਜਿਨ੍ਹਾਂ ਵਿਚੋਂ ਸਮਰਲੈਂਡ ਕੋਲਬਾਲਡ ਰੇਂਜ, ਵਰਨਨ ਕੋਲ ਬ੍ਰੈਡਲੀ ਕੰਪਲੈਕਸ, ਕਲਿੰਟਨ ਨੇੜੇ ਬਿਗ ਬਾਰ ਕੰਪਲੈਕਸ ਅਤੇ ਬੋਸਟਨ ਬਾਰ ਦੇ ਨਜ਼ਦੀਕ ਬਰੰਸਵਿਕ ਕੰਪਲੈਕਸ ਅੱਗਾਂ ਸ਼ਾਮਲ ਹਨ। ਇਨ੍ਹਾਂ ਵਿਚ ਬ੍ਰੈਡਲੀ ਕੰਪਲੈਕਸ ਹੀ ਇਸ ਸਮੇਂ ਕਾਬੂ ਹੇਠ ਹੈ।




