Oct 22, 2026 6:51 PM - Connect Newsroom - Ramandeep Kaur

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ.ਸੀ. ਐਨ.ਡੀ.ਪੀ. 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਪਿਛਲੇ 9 ਸਾਲਾਂ ਦੌਰਾਨ ਬੀ.ਸੀ. ਐੱਨ.ਡੀ.ਪੀ. ਨੇ ਸਰੀ ਦੇ ਲੋਕਾਂ ਨਾਲ ਸਿਰਫ਼ ਖੋਖਲੇ ਵਾਅਦੇ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰੀ ਵਿਚ ਬੀ.ਸੀ. ਐਨ.ਡੀ.ਪੀ. ਦਾ ਰਿਕਾਰਡ ਇਹ ਹੈ ਕਿ ਸਕੂਲ ਬਹੁਤ ਜ਼ਿਆਦਾ ਭੀੜ-ਭੜੱਕੇ ਵਾਲੇ ਹਨ, ਲੋਕ ਐਮਰਜੈਂਸੀ ਰੂਮ ਬੰਦ ਹੋਣ ਦਾ ਸਾਹਮਣਾ ਕਰਦੇ ਹਨ, ਡਾਕਟਰਾਂ ਦੀ ਕਮੀ ਹੈ ਅਤੇ ਦੂਜੇ ਪਾਸੇ ਜਬਰੀ ਵਸੂਲੀ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਡੋਰਕਸਨ ਨੇ ਕਿਹਾ ਕਿ ਈਬੀ ਸਰਕਾਰ ਸ਼ਹਿਰ ਨੂੰ ਵਾਅਦੇ ਡਿਲਿਵਰ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਮੁਤਾਬਕ, ਬੀ.ਸੀ. ਐੱਨ.ਡੀ.ਪੀ. ਦੇ ਸਾਸ਼ਨ ਵਿਚ ਮੇਜਰ ਪ੍ਰਾਜੈਕਟ ਬਜਟ ਤੋਂ ਬਾਹਰ ਹੋ ਗਏ ਹਨ ਅਤੇ ਨਿਊਟਨ ਵਰਗੇ ਇਲਾਕਿਆਂ ਨੂੰ ਅਣਗੌਲਿਆ ਕੀਤਾ ਗਿਆ ਹੈ।
ਡੋਰਕਸਨ ਨੇ ਆਪਣਾ ਸਰੀ ਸਫਲਤਾ ਯੋਜਨਾ ਪੇਸ਼ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਬੀ. ਸੀ. ਕੰਜ਼ਰਵੇਟਿਵ ਪਾਰਟੀ ਕਲੋਵਰਡੇਲ ਵਿਚ ਸਰੀ ਹਸਪਤਾਲ ਨੂੰ ਪੂਰਾ ਕਰਨ ਤੋਂ ਲੈ ਕੇ ਨਵੇਂ ਵੂਮੈਨ ਐਂਡ ਚਿਲਡਰਨ ਹਸਪਤਾਲ ਅਤੇ ਸਕਾਈ ਟਰੇਨ ਤੱਕ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।




