Nov 14, 2025 11:31 AM - Connect Newsroom - Ramandeep Kaur

ਬਰਨਬੀ ਵਿਚ ਪਿਛਲੇ 48 ਘੰਟਿਆਂ ਵਿਚ ਪੰਜ ਵੱਖ-ਵੱਖ ਟੱਕਰਾਂ ਹੋਈਆਂ ਹਨ,ਜਿਸ ਵਿਚ ਸਾਈਕਲ ਸਵਾਰ,ਪੈਦਲ ਚੱਲਣ ਵਾਲੇ ਅਤੇ ਸਕੂਟਰ ਸਵਾਰ ਸ਼ਾਮਲ ਸਨ। ਆਰ.ਸੀ.ਐਮ.ਪੀ.ਨੇ ਚਿਤਾਵਨੀ ਦਿੱਤੀ ਕਿ ਬਾਰਿਸ਼ ਅਤੇ ਹਨੇਰੇ ਕਾਰਨ ਸੜਕਾਂ 'ਤੇ ਹਾਦਸੇ ਵੱਧ ਰਹੇ ਹਨ,ਇਸ ਲਈ ਡਰਾਇਵਰ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਮੌਜੂਦਾ ਮੌਸਮ ਵਿਚ ਸੜਕਾਂ 'ਤੇ ਅਤੇ ਇਨ੍ਹਾਂ ਦੇ ਨਾਲ-ਨਾਲ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੈ।
ਕੌਰਪੋਰਲ ਮਾਇਕ ਕਲਾਂਜ ਨੇ ਕਿਹਾ ਕਿ ਪਿਛਲੇ 48 ਘੰਟੇ ਵਿਚ ਹੋਏ ਹਾਦਸਿਆਂ ਵਿਚ ਤਿੰਨ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ,ਹਾਲਾਂਕਿ ਖੁਸ਼ਕਿਸਮਤੀ ਨਾਲ ਉਨ੍ਹਾਂ ਦੇ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਇਹ ਜ਼ਿਆਦਾਤਰ ਦੁਰਘਟਨਾਵਾਂ ਕਰਾਸਵਾਕ ਅਤੇ ਬਾਈਕ ਲੇਨ ਵਿਚ ਹੋਈਆਂ ਸਨ।
ਕੌਰਪੋਰਲ ਕਲਾਂਜ ਨੇ ਕਿਹਾ ਕਿ ਹਰ ਸਾਲ ਇਸੇ ਮੌਸਮ ਦੇ ਆਸਪਾਸ ਸਾਨੂੰ ਕਿਸੇ ਨਾ ਕਿਸੇ ਪਰਿਵਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਦਾ ਕੋਈ ਪਿਆਰਾ ਘਰ ਵਾਪਸ ਨਹੀਂ ਆ ਸਕੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਪੈਦਲ ਚੱਲਣ ਵਾਲਿਆਂ ਅਤੇ ਡਰਾਈਵਰਾਂ ਨੂੰ ਵਾਰ-ਵਾਰ ਇੱਕ-ਦੂਜੇ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਾਂ।




