Jan 9, 2025 5:44 PM - Connect Newsroom

ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਲਾਸ ਏਂਜਲਸ ਖੇਤਰ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਹੁਣ ਤੱਕ ਕਰੀਬ 2,000 ਇਮਾਰਤਾਂ ਅਤੇ ਘਰ ਸੜ ਕੇ ਰਾਖ਼ ਹੋ ਚੁੱਕੇ ਹਨ। ਅੱਗ ਇੰਨੀ ਭਿਆਨਕ ਹੈ ਕਿ ਹੌਲੀਵੁੱਡ ਸਿਤਾਰਿਆਂ ਤੋਂ ਲੈ ਕੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੱਕ ਦੇ ਘਰ ਨੂੰ ਵੀ ਖਾਲੀ ਕਰਵਾਇਆ ਜਾ ਚੁੱਕਾ ਹੈ। ਇਸ ਅੱਗ ਵਿਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉੱਥੇ ਹੀ ਕਰੀਬ ਤਿੰਨ ਲੱਖ ਲੋਕਾਂ ਨੂੰ ਸੇਫ ਜਗ੍ਹਾ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿਚ ਧੂੰਏਂ ਦੀ ਚਾਦਰ ਫੈਲ ਗਈ ਹੈ। ਮੈਂਡੀ ਮੂਰ, ਕੈਰੀ ਐਲਵੇਸ ਅਤੇ ਪੈਰਿਸ ਹਿਲਟਨ ਉਨ੍ਹਾਂ ਸਿਤਾਰਿਆਂ ਵਿਚੋਂ ਹਨ ਜਿਨ੍ਹਾਂ ਦੇ ਘਰ ਅੱਗ ਦੀ ਲਪੇਟ ਵਿਚ ਤਬਾਹ ਹੋ ਗਏ।
ਬਿਲੀ ਕ੍ਰਿਸਟਲ ਅਤੇ ਉਨ੍ਹਾਂ ਦੀ ਪਤਨੀ ਜੈਨਿਸ ਨੇ ਪੈਲੀਸੇਡਸ ਵਿਚ ਲੱਗੀ ਅੱਗ ਵਿਚ ਆਪਣਾ 45 ਸਾਲ ਪੁਰਾਣਾ ਘਰ ਗੁਆ ਦਿੱਤਾ। ਕਿਹਾ ਜਾਂਦਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਵਧੇ ਤਾਪਮਾਨ ਅਤੇ ਬਾਰਸ਼ ਘੱਟ ਹੋਣ ਦਾ ਕੈਲੀਫੋਰਨੀਆ ਦੇ ਜੰਗਲੀ ਅੱਗ ਸੀਜ਼ਨ ’ਤੇ ਖਾਸਾ ਅਸਰ ਪਿਆ ਹੈ, ਇਹ ਸੀਜ਼ਨ ਜਲਦੀ ਸ਼ੁਰੂ ਹੋ ਕੇ ਦੇਰੀ ਨਾਲ ਖ਼ਤਮ ਹੋ ਰਿਹਾ ਹੈ।




