Sep 4, 2026 3:43 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਬਦਲਦੇ Climate ਬਾਰੇ ਇੱਕ ਤਾਜ਼ਾ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕੈਨੇਡੀਅਨ ਨੂੰ ਭਵਿੱਖ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਸੋਕਾ, ਫਲੈਸ਼ ਫਲੱਡ ਅਤੇ ਵਾਯੂਮੰਡਲੀ ਨਦੀਆਂ ਵਰਗੇ ਹਾਲਾਤ ਗੰਭੀਰ ਹੋਣਗੇ। ਕੈਨੇਡਾ ਦੀ ਬਦਲਦੀ ਜਲਵਾਯੂ ਰਿਪੋਰਟ ਦੇ ਜਾਰੀ ਹੋਏ ਦੂਜੇ ਐਡੀਸ਼ਨ ਵਿਚ ਕਿਹਾ ਗਿਆ ਹੈ ਕਿ ਜੈਵਿਕ ਬਾਲਣ ਦੀ ਵਰਤੋਂ ਅਤੇ ਮਨੁੱਖੀ ਗਤੀਵਿਧੀਆਂ ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਹਨ।
ਮੌਜੂਦਾ ਗਲੋਬਲ ਨੀਤੀਆਂ ਦੇ ਆਧਾਰ 'ਤੇ ਤਿਆਰ ਇਸ ਖਾਕੇ ਮੁਤਾਬਕ, ਭਵਿੱਖ ਵਿਚ ਕੈਨੇਡਾ ਦਾ ਮੌਸਮ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਸਕਦਾ ਹੈ ਅਤੇ ਨੂਨਾਵੁਤ ਵਰਗੇ ਇਲਾਕਿਆਂ ਵਿਚ ਸਰਦੀਆਂ ਦੇ ਮੌਸਮ ਵਿਚ ਵੀ ਤਾਪਮਾਨ 10 ਡਿਗਰੀ ਤੋਂ ਵਧ ਹੋ ਸਕਦਾ ਹੈ। ਇਸ ਗਰਮੀ ਕਾਰਨ ਪੱਛਮੀ ਕੈਨੇਡਾ ਦੇ ਗਲੇਸ਼ੀਅਰ ਦੀ ਬਰਫ਼ ਇਸ ਸਦੀ ਦੇ ਅੰਤ ਤੱਕ ਲਗਭਗ 75 ਫੀਸਦੀ ਪਿਘਲ ਸਕਦੀ ਹੈ ਅਤੇ ਹਰ ਸਾਲ ਸਤੰਬਰ ਵਿਚ ਕੇਂਦਰੀ ਆਰਕਟਿਕ ਮਹਾਂਸਾਗਰ ਦੀ ਬਰਫ਼ ਪੂਰੀ ਤਰ੍ਹਾਂ ਗਾਇਬ ਹੋਣ ਦੀ 60 ਫ਼ੀਸਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਦੱਖਣੀ ਹਿੱਸਿਆਂ ਵਿਚ, ਜਿੱਥੇ ਸਭ ਤੋਂ ਵੱਧ ਲੋਕ ਰਹਿੰਦੇ ਹਨ, ਉੱਥੇ ਜੀਵਨ ਕਾਫ਼ੀ ਔਖਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਰਿਪੋਰਟ ਮੁਤਾਬਕ, ਜੇਕਰ ਦੁਨੀਆ ਭਰ ਦੇ ਦੇਸ਼ ਸਾਲ 2075 ਤੱਕ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਖ਼ਤਮ ਕਰ ਦੇਣ ਤਾਂ ਵਧਦੀ ਗਰਮੀ ਨੂੰ ਰੋਕਿਆ ਜਾ ਸਕਦਾ ਹੈ।




