Apr 20, 2026 1:48 PM - Connect Newsroom - Ramandeep Kaur with files from The Canadian Press

ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਮਹਿੰਗਾਈ ਦਰ ਵਿਚ ਉਛਾਲ ਦੇਖਿਆ ਗਿਆ ਹੈ, ਜੋ ਫਰਵਰੀ ਦੇ 1.8 ਫੀਸਦੀ ਤੋਂ ਵੱਧ ਕੇ 2.4 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਮਹਿੰਗਾਈ ਦਾ ਇਹ ਪੱਧਰ ਆਖਰੀ ਵਾਰ ਪਿਛਲੇ ਸਾਲ ਦਸੰਬਰ ਵਿਚ ਦਰਜ ਕੀਤਾ ਗਿਆ ਸੀ। ਇਸ ਵਾਧੇ ਦਾ ਮੁੱਖ ਕਾਰਨ ਮਿਡਲ ਈਸਟ ਵਿਚ ਈਰਾਨ ਜੰਗ ਕਾਰਨ ਪੈਦਾ ਹੋਏ ਤਣਾਅ ਕਾਰਨ ਗੈਸੋਲੀਨ ਕੀਮਤਾਂ ਵਿਚ ਹੋਇਆ ਵਾਧਾ ਹੈ।
ਅੰਕੜਿਆਂ ਮੁਤਾਬਕ, ਮਾਰਚ ਵਿਚ ਗੈਸੋਲੀਨ ਦੀਆਂ ਕੀਮਤਾਂ ਵਿਚ 21.2 ਫੀਸਦੀ ਦਾ ਮਹੀਨਾਵਾਰ ਵਾਧਾ ਹੋਇਆ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਮੰਨਿਆ ਜਾ ਰਿਹਾ ਹੈ। ਏਜੰਸੀ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਨੂੰ ਕੌਰ ਇਨਫਲੇਸ਼ਨ ਵਿਚੋਂ ਕੱਢ ਦਿੱਤਾ ਜਾਵੇ ਤਾਂ ਮਹਿੰਗਾਈ ਦਰ 2.2 ਫੀਸਦੀ ਦੇ ਆਸ-ਪਾਸ ਰਹਿੰਦੀ। ਹੁਣ ਅਗਲੀਆਂ ਨਜ਼ਰਾਂ ਬੈਂਕ ਔਫ ਕੈਨੇਡਾ 'ਤੇ ਹਨ, ਜਿਸ ਵਲੋਂ 29 ਅਪ੍ਰੈਲ ਨੂੰ ਵਿਆਜ ਦਰਾਂ ਬਾਰੇ ਅਹਿਮ ਫੈਸਲਾ ਲਿਆ ਜਾਣਾ ਹੈ।




