Sep 29, 2025 12:58 PM - The Canadian Press
ਕੈਨੇਡਾ ਸਰਕਾਰ ਨੇ ਦੇਸ਼ ਵਿਚ ਗੈਂਗ ਹਿੰਸਾ,ਜਬਰੀ ਵਸੂਲੀ ਅਤੇ ਟਾਰਗੇਟ ਕੀਲਿੰਗ ਲਈ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਐਲਾਨ ਦਿੱਤਾ ਹੈ। ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਅੱਤਵਾਦੀ ਸੂਚੀ ਵਿਚ ਪਾਉਣ ਦਾ ਮਤਲਬ ਹੈ ਕਿ ਕੈਨੇਡਾ ਵਿਚ ਬਿਸ਼ਨੋਈ ਗਰੁੱਪ ਨਾਲ ਜੁੜੀ ਕੋਈ ਵੀ ਚੀਜ਼,ਜਾਇਦਾਦ, ਵਾਹਨ ਅਤੇ ਪੈਸੇ ਨੂੰ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਇਹ ਕਦਮ ਕੈਨੇਡੀਅਨ ਲਾਅ ਇਨਫਾਰਸਮੈਂਟ ਨੂੰ ਅੱਤਵਾਦੀ ਅਪਰਾਧ'ਤੇ ਕਾਰਵਾਈ ਲਈ ਹੁਣ ਵਧੇਰੇ ਔਜ਼ਾਰ ਪ੍ਰਦਾਨ ਕਰਦਾ ਹੈ।
ਬਿਸ਼ਨੋਈ ਗੈਂਗ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਵੀ ਤਰੀਕੇ ਨਾਲ ਫਾਇਦਾ ਪਹੁੰਚਾਉਣ ਵਿਚ ਸ਼ਾਮਲ ਲੋਕਾਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਹੈ,ਜੋ ਮੁੱਖ ਰੂਪ ਤੋਂ ਭਾਰਤ ਤੋਂ ਓਪਰੇਟ ਹੁੰਦਾ ਹੈ ਅਤੇ ਇਸ ਨੇ ਕੈਨੇਡਾ ਵਿਚ ਇੱਕ ਖਾਸ ਕਮਿਊਨਿਟੀ ਵਿਚ ਜਬਰੀ ਵਸੂਲੀ ਲਈ ਸ਼ੂਟਿੰਗ,ਅੱਗਜ਼ਨੀ ਅਤੇ ਹੋਰ ਅਪਰਾਧਾਂ ਨਾਲ ਦਹਸ਼ਿਤ ਦਾ ਮਾਹੌਲ ਪੈਦਾ ਕੀਤਾ ਹੈ,ਜਿਸ ਉਤੇ ਸ਼ਿਕੰਜਾ ਕੱਸਣ ਲਈ ਸਰਕਾਰ ਲਾਅ ਇਨਫਾਰਸਮੈਂਟ ਏਜੰਸੀ ਨੂੰ ਹੁਣ ਵਧੇਰੇ ਪ੍ਰਭਾਵਸ਼ਾਲੀ ਔਜ਼ਾਰ ਵਰਤਣ ਦੀ ਇਜਾਜ਼ਤ ਦੇ ਰਹੀ ਹੈ।ਬਿਸ਼ਨੋਗੀ ਗੈਂਗ ਨੂੰ ਅੱਤਵਾਦੀ ਐਲਾਨੇ ਜਾਣ ਨਾਲ ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ਸੂਚੀਬਿੱਧ ਅੱਤਵਾਦੀ ਗਰੁੱਪ ਦੀ ਗਿਣਤੀ 88 ਹੋ ਗਈ ਹੈ।