Sep 4, 2026 1:41 PM - Connect Newsroom - Ramandeep Kaur with files from The Canadian Press

ਕੈਨੇਡੀਅਨ ਅਰਥਵਿਵਸਥਾ ਨੇ ਅਗਸਤ ਵਿਚ 42,000 ਨੌਕਰੀਆਂ ਦਾ ਨੁਕਸਾਨ ਦਰਜ ਕੀਤਾ ਹੈ, ਜਿਸ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਰੁਜ਼ਗਾਰ ਮਾਰਕੀਟ ਵਿਚ ਚੱਲ ਰਹੀ ਤੇਜ਼ੀ ਨੂੰ ਝਟਕਾ ਲੱਗਾ ਹੈ। ਹਾਲਾਂਕਿ, ਬੇਰੁਜ਼ਗਾਰੀ ਦਰ 6.4 ਫੀਸਦੀ 'ਤੇ ਸਥਿਰ ਬਣੀ ਹੋਈ ਹੈ। ਇਹ ਰਿਪੋਰਟ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਉਲਟ ਰਹੀ, ਜੋ ਨੈੱਟ ਤੌਰ 'ਤੇ ਲਗਭਗ 15,000 ਨਵੀਆਂ ਨੌਕਰੀਆਂ ਜੁੜਨ ਦੀ ਉਮੀਦ ਕਰ ਰਹੇ ਸਨ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਰੁਜ਼ਗਾਰ ਵਿਚ ਸਭ ਤੋਂ ਵੱਡੀ ਕਮੀ ਪਬਲਿਕ ਸੈਕਟਰ ਵਿਚ ਦੇਖਣ ਨੂੰ ਮਿਲੀ, ਜਿੱਥੇ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਰਜ ਕਰਦਿਆਂ 20,000 ਜੌਬਸ ਘਟੀਆਂ ਹਨ। ਦੂਜੇ ਪਾਸੇ, ਅਮਰੀਕਾ ਵਲੋਂ ਲਗਾਏ ਟੈਰਿਫਸ ਦੀ ਮਾਰ ਝੱਲ ਰਹੇ ਨਿਰਮਾਣ ਸੈਕਟਰ ਨੇ ਹੈਰਾਨੀਜਨਕ ਮਜ਼ਬੂਤੀ ਦਿਖਾਈ ਹੈ ਅਤੇ ਇਸ ਵਿਚ 22,000 ਨੌਕਰੀਆਂ ਜੁੜੀਆਂ ਹਨ।
ਇਸ ਦੇ ਨਾਲ ਹੀ ਅਗਸਤ ਵਿਚ ਔਸਤ ਘੰਟੇਵਾਰ ਤਨਖਾਹ ਦੀ ਸਾਲਾਨਾ ਵਾਧਾ ਦਰ ਸੁਸਤ ਹੋ ਕੇ 2 ਫੀਸਦੀ ਰਹੀ, ਜੋ ਕਿ ਜੁਲਾਈ ਵਿਚ 2.8 ਫੀਸਦੀ ਸੀ ਅਤੇ ਇਹ ਨਵੰਬਰ 2017 ਤੋਂ ਬਾਅਦ ਸਭ ਤੋਂ ਘੱਟ ਤਨਖਾਹ ਵਾਧਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਕੰਪਨੀਆਂ ਨਵੀਂ ਭਰਤੀ ਕਰਨ ਅਤੇ ਨਿਵੇਸ਼ ਵਿਚ ਸਾਵਧਾਨੀ ਵਰਤ ਰਹੀਆਂ ਹਨ। ਸਟੈਟਕੈਨ ਮੁਤਾਬਕ, ਅਗਸਤ ਦੌਰਾਨ 15 ਤੋਂ 24 ਸਾਲ ਦੀ ਉਮਰ ਦੇ 19,000 ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ।




