Oct 9, 2026 4:47 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਜੌਬਸ ਮਾਰਕੀਟ ਵਿਚ ਸਤੰਬਰ ਮਹੀਨੇ 68,000 ਨੌਕਰੀਆਂ ਖਤਮ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਪਿਛਲੇ 6.4 ਫੀਸਦੀ ਦੇ ਅੰਕੜੇ ਤੋਂ ਮਾਮੂਲੀ ਵਧ ਕੇ 6.5 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਨੌਕਰੀਆਂ ਵਿਚ ਗਿਰਾਵਟ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਕਰੀਬ 42,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
ਇਸ ਪੂਰੇ ਅੰਕੜੇ ਨੇ ਇਸ ਸਾਲ ਨੌਕਰੀਆਂ ਵਿਚ ਹੋਏ ਸਾਰੇ ਵਾਧੇ ਨੂੰ ਖਤਮ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਸਭ ਤੋਂ ਵੱਧ ਨੁਕਸਾਨ ਵਿਦਿਅਕ ਸੇਵਾਵਾਂ, ਸਿਹਤ ਸੰਭਾਲ ਤੇ social assistance ਸੈਕਟਰ ਵਿਚ ਹੋਇਆ। ਸਟੈਟਿਸਟਿਕਸ ਡਿਪਰਾਟਮੈਂਟ ਮੁਤਾਬਕ, ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਸਿੱਖਿਆ ਸੇਵਾਵਾਂ ਵਿਚ ਨੌਕਰੀਆਂ ਘਟਣ ਦਾ ਇੱਕ ਮੁੱਖ ਕਾਰਨ ਹੈ।
ਬੈਂਕ ਔਫ ਕੈਨੇਡਾ ਵੱਲੋਂ ਇਸੇ ਮਹੀਨੇ ਦੇ ਅਖੀਰ ਵਿਚ ਲਏ ਜਾਣ ਵਾਲੇ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਇਹ ਆਖਰੀ ਰੁਜ਼ਗਾਰ ਅੰਕੜਾ ਹੈ। ਮਨੀ ਮਾਰਕਿਟ ਦਾ ਅਨੁਮਾਨ ਹੈ ਕਿ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ ਪਰ ਪਹਿਲਾਂ ਵਾਧੇ ਦੀਆਂ ਸੰਭਾਵਨਾਵਾਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ, ਬਾਜ਼ਾਰ ਦਾ ਮੰਨਣਾ ਹੈ ਕਿ ਦਸੰਬਰ ਮਹੀਨੇ ਵਿਚ ਵਿਆਜ ਦਰ ਵਿਚ 25 ਬੇਸਿਸ ਪੁਆਇੰਟ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।




