Mar 5, 2025 5:56 PM - Connect Newsroom

ਕੈਨੇਡਾ ਨੇ ਟਰੰਪ ਦੇ ਟੈਰਿਫ ਦੇ ਸਬੰਧ ਵਿਚ ਵਿਸ਼ਵ ਵਪਾਰ ਸੰਗਠਨ ਦਾ ਦਰਵਾਜ਼ਾ ਖੜਕਾਇਆ ਹੈ। ਡਬਲਯੂ.ਟੀ.ਓ. ਵਿਚ ਕੈਨੇਡਾ ਦੀ ਰਾਜਦੂਤ ਨਾਦੀਆ ਥੀਓਡੋਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਟੈਰਿਫ 'ਤੇ ਅਮਰੀਕਾ ਨਾਲ ਗੱਲਬਾਤ ਦੀ ਬੇਨਤੀ ਕੀਤੀ ਹੈ ਅਤੇ ਕਿਹਾ ਹੈ ਕਿ ਅਮਰੀਕਾ ਦੇ ਫੈਸਲੇ ਕਾਰਨ ਸਾਡੇ ਕੋਲ ਕੈਨੇਡੀਅਨ ਹਿੱਤਾਂ ਦੀ ਰੱਖਿਆ ਲਈ ਜਵਾਬ ਦੇਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ।
ਡਬਲਯੂ.ਟੀ.ਓ. ਦੇ ਬੁਲਾਰੇ ਨੇ ਕੈਨੇਡਾ ਵੱਲੋਂ ਗੱਲਬਾਤ ਲਈ ਬੇਨਤੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਦੋਹਾਂ ਮੁਲਕਾਂ ਵਿੱਚ ਵਿਵਾਦ ਦੇ ਨਿਪਟਾਰੇ ਲਈ ਪਹਿਲੀ ਸਟੇਜ ਹੈ। ਜੇ 60 ਦਿਨਾਂ ਅੰਦਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਕੈਨੇਡਾ ਵਿਸ਼ਵ ਵਪਾਰ ਸੰਗਠਨ ਦੀ ਵਿਵਾਦ ਨਿਪਟਾਰਾ ਸੰਸਥਾ ਵਿੱਚ ਮਾਮਲਾ ਲਿਜਾ ਸਕਦਾ ਹੈ।
ਗੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਵਲੋਂ ਕੈਨੇਡਾ ਅਤੇ ਮੈਕਸੀਕੋ 'ਤੇ 25 ਫੀਸਦੀ ਟੈਰਿਫ ਮੰਗਲਵਾਰ ਤੋਂ ਲਾਗੂ ਕੀਤਾ ਗਿਆ ਹੈ, ਨਾਲ ਹੀ ਚੀਨ ਦੇ ਮਾਲ 'ਤੇ ਟੈਰਿਫ 10 ਫੀਸਦੀ ਟੈਰਿਫ ਵਧਾਇਆ ਗਿਆ ਹੈ। ਟਰੰਪ ਦਾ ਦੋਸ਼ ਹੈ ਕਿ ਅਮਰੀਕਾ ਦੇ ਇਹ ਤਿੰਨ ਪ੍ਰਮੁੱਖ ਵਪਾਰਕ ਸਾਥੀ ਫੈਂਟਾਨਾਇਲ ਦੀ ਤਸਕਰੀ ਨੂੰ ਰੋਕਣ ਵਿਚ ਅਸਫਲ ਰਹੇ ਹਨ।




