Aug 17, 2026 2:31 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿਚ ਵੱਧ ਕੇ ਸੈਂਟਰਲ ਬੈਂਕ ਦੇ ਟਾਰਗੇਟ ਤੋਂ ਬਾਹਰ ਤਿੰਨ ਫੀਸਦੀ ਹੋ ਗਈ ਹੈ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਮੁਦਰਾਸਫੀਤੀ ਵਿਚ ਇਹ ਤਾਜ਼ਾ ਤੇਜ਼ੀ ਪ੍ਰਮੁੱਖ ਤੌਰ 'ਤੇ ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਆਈ, ਜਦੋਂ ਕਿ ਗ੍ਰੋਸਰੀ ਸਟੋਰਾਂ ਵਿਚ ਕੋਸਟ ਪ੍ਰੈਸ਼ਰ ਇਸ ਦੌਰਾਨ ਘੱਟ ਦੇਖਣ ਨੂੰ ਮਿਲਿਆ।
ਇਸ ਤੋਂ ਪਹਿਲਾਂ ਜੂਨ ਵਿਚ ਮਹਿੰਗਾਈ ਦਰ 2.8 ਫੀਸਦੀ ਰਹੀ ਸੀ। ਸਟੈਟਕੈਨ ਮੁਤਾਬਕ, ਜੇਕਰ ਗੈਸ ਕੀਮਤਾਂ ਦੇ ਵਾਧੇ ਨੂੰ ਇੱਕ ਪਾਸ ਕਰ ਦੇਈਏ ਤਾਂ ਜੁਲਾਈ ਵਿਚ ਵੀ ਮਹਿੰਗਾਈ ਦਰ 2.2 ਫੀਸਦੀ ਹੀ ਵਧੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ ਗੈਸ ਕੀਮਤਾਂ ਵਿਚ ਸਾਲ ਪਹਿਲਾਂ ਦੇ ਮੁਕਾਬਲੇ 26 ਫੀਸਦੀ ਵਾਧਾ ਦੇਖਿਆ ਗਿਆ, ਜੋ ਜੂਨ ਵਿਚ 21 ਫੀਸਦੀ ਸੀ। ਉਥੇ ਹੀ, ਦੂਜੇ ਪਾਸੇ ਗ੍ਰੋਸਰੀ ਸਟੋਰਾਂ ਤੋਂ ਖਰੀਦੇ ਜਾਣ ਵਾਲੇ ਫੂਡ ਦੀ ਮਹਿੰਗਾਈ ਵਿਚ 3.1 ਫੀਸਦੀ ਵਾਧਾ ਹੋਇਆ, ਜੋ ਜੂਨ ਦੇ 3.9 ਫੀਸਦੀ ਨਾਲੋਂ ਘੱਟ ਰਿਹਾ।
ਹਾਲਾਂਕਿ, ਏਜੰਸੀ ਨੇ ਸਪੱਸ਼ਟ ਕੀਤਾ ਕਿ ਫੂਡ ਕੀਮਤਾਂ ਵਿਚ ਇਸ ਸਲੋਅ ਡਾਊਨ ਦੇ ਬਾਵਜੂਦ ਗ੍ਰੋਸਰੀ ਦੀ ਮਹਿੰਗਾਈ ਪਿਛਲੇ ਲਗਾਤਾਰ 18 ਮਹੀਨਿਆਂ ਤੋਂ ਆਮ consumer price index ਨਾਲੋਂ ਤੇਜ਼ੀ ਨਾਲ ਵਧੀ ਹੈ। ਗੌਰਤਲਬ ਹੈ ਕਿ ਇਹ ਬੈਂਕ ਔਫ ਕੈਨੇਡਾ ਦੇ ਵਿਆਜ ਦਰਾਂ ਲਈ 2 ਸਤੰਬਰ ਨੂੰ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਆਖਰੀ ਅਹਿਮ ਅੰਕੜਾ ਹੈ।




