Aug 18, 2026 1:16 PM - Connect Newsroom - Ramandeep Kaur with files from The Canadian Press

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
ਮਾਹਰਾਂ ਨੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਜੰਗ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਹੈ, ਜੋ ਡੇਢ ਸਾਲ ਤੋਂ ਪਹਿਲਾਂ ਹੀ ਚੱਲ ਰਹੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਨਵੇਂ ਟੈਰਿਫਸ ਨਾਲ $20-ਬਿਲੀਅਨ ਤੋਂ ਵੱਧ ਦਾ ਕੈਨੇਡੀਅਨ ਨਿਰਯਾਤ ਪ੍ਰਭਾਵਿਤ ਹੋਵੇਗਾ।
ਸੂਤਰਾਂ ਮੁਤਾਬਕ, ਟਰੰਪ ਪ੍ਰਸ਼ਾਸਨ ਆਟੋਜ਼ 'ਤੇ ਟੈਰਿਫ ਵਿਚ ਵਾਧੂ ਛੋਟ ਦੇਣ ਲਈ ਤਿਆਰ ਨਹੀਂ ਹੈ। ਰਿਪੋਰਟਸ ਮੁਤਾਬਕ, ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜੇ ਮੰਗਲਵਾਰ ਰਾਤ ਤੱਕ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਅਮਰੀਕਾ ਵਲੋਂ ਟੈਰਿਫ ਡੈੱਡਲਾਈਨ ਨੂੰ ਕੁਝ ਸਮੇਂ ਲਈ ਵਧਾਉਣ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।




