Oct 8, 2026 4:48 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ $2 ਬਿਲੀਅਨ ਦੇ ਨਵੇਂ ਨੈਸ਼ਨਲ ਹੀਟ ਪੰਪ ਰਿਬੇਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਕੈਨੇਡੀਅਨ ਨੂੰ ਆਪਣੇ ਘਰਾਂ ਵਿਚ energy-efficient ਹੀਟਿੰਗ ਸਿਸਟਮ ਲਗਵਾਉਣ ਲਈ ਮਦਦ ਦੇਣਾ ਅਤੇ ਕਾਰਬਨ ਨਿਕਾਸ ਨੂੰ ਘੱਟ ਕਰਨਾ ਹੈ। ਸਰਕਾਰ ਮੁਤਾਬਕ, ਇਹ ਕਦਮ ਬਿਜਲੀ ਅਤੇ ਹੀਟਿੰਗ ਦੇ ਖ਼ਰਚਿਆਂ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੋਵੇਗਾ।
ਇਸ ਫੰਡਿੰਗ ਨਾਲ ਅਗਲੇ 8 ਸਾਲਾਂ ਵਿਚ 820,000 ਘਰਾਂ ਦੇ ਮਾਲਕ ਨੂੰ ਰਿਬੇਟ ਮਿਲਣ ਦੀ ਉਮੀਦ ਜਤਾਈ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਨਵੇਂ energy-efficient ਹੀਟ ਪੰਪ ਸਿਸਟਮ 'ਤੇ ਸ਼ਿਫਟ ਹੋਣਗੇ ਉਹ ਆਪਣੇ ਹੀਟਿੰਗ ਬਿੱਲ 'ਤੇ ਸਾਲਾਨਾ ਔਸਤਨ $1,400 ਤੱਕ ਦੀ ਬਚਤ ਕਰ ਸਕਦੇ ਹਨ।
ਸਬਸਿਡੀ ਦੀ ਰਾਸ਼ੀ ਪਰਿਵਾਰ ਦੀ ਕੁੱਲ ਆਮਦਨ 'ਤੇ ਨਿਰਭਰ ਹੋਵੇਗੀ, ਘੱਟ ਤੋਂ ਮੱਧਮ ਆਮਦਨ ਵਾਲੇ ਪਰਿਵਾਰ $10,000 ਤੱਕ ਦੀ ਮਦਦ ਹਾਸਲ ਕਰ ਸਕਦੇ ਹਨ, ਜਦੋਂ ਕਿ ਮੱਧਮ ਆਮਦਨ ਤੋਂ ਵੱਧ ਵਾਲੇ ਪਰਿਵਾਰਾਂ ਨੂੰ $2,000 ਤੱਕ ਦੀ ਸਬਸਿਡੀ ਮਿਲੇਗੀ।
ਸਰਕਾਰ ਮੁਤਾਬਕ, ਇਹ ਪ੍ਰੋਗਰਾਮ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਐਮਰਜੈਂਸੀ ਵਿਚ ਆਪਣਾ ਹੀਟਿੰਗ ਸਿਸਟਮ ਬਦਲਣਾ ਪੈ ਰਿਹਾ ਹੈ ਪਰ ਅਜਿਹੀ ਕਿਸੇ ਸ਼ਰਤ ਨੂੰ ਯੋਗਤਾ ਲਈ ਲਾਜ਼ਮੀ ਨਹੀਂ ਰੱਖਿਆ ਗਿਆ ਹੈ।




