Aug 31, 2026 2:53 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਬਰਟਾ ਡੇਅ ਸਬੰਧੀ ਇਵੈਂਟ ਦੌਰਾਨ ਕੈਲਗਰੀ ਦੇ ਹੈਰੀਟੇਜ ਪਾਰਕ ਵਿਖੇ ਦਿੱਤੇ ਆਪਣੇ ਭਾਸ਼ਣ ਵਿੱਚ ਸੂਬੇ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ।ਇਹ ਸੰਬੋਧਨ ਅਜਿਹੇ ਸਮੇਂ ਹੋਇਆ ਹੈ ਜਦੋਂ ਆਉਣ ਵਾਲੀ 19 ਅਕਤੂਬਰ ਨੂੰ ਸੂਬੇ ਵਿੱਚ ਰੈਫਰੈਂਡਮ ਹੋਣ ਜਾ ਰਿਹਾ ਹੈ, ਜਿਸ ਵਿੱਚ ਅਲਬਰਟਾ ਦੇ ਲੋਕਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਵੱਖ ਹੋਣ ਲਈ ਦੂਜਾ ਰੈਫਰੈਂਡਮ ਕਰਵਾਉਣਾ ਚਾਹੁੰਦੇ ਹਨ।
ਪ੍ਰੀਮੀਅਰ ਸਮਿਥ, ਜੋ ਕਿ ਖੁਦ ਕੈਨੇਡਾ ਦੇ ਨਾਲ ਰਹਿਣ ਦੇ ਪੱਖ ਵਿੱਚ ਵੋਟ ਪਾਉਣ ਦਾ ਐਲਾਨ ਕਰ ਚੁੱਕੀ ਹੈ, ਉਨ੍ਹਾਂ ਨੇ ਆਪਣੇ ਛੋਟੇ ਜਿਹੇ ਭਾਸ਼ਣ ਵਿੱਚ ਸੂਬੇ ਦੀ ਸੱਭਿਆਚਾਰਕ ਵਿਭਿੰਨਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਨੇਡਾ ਅਲਬਰਟਾ ਦੀ ਆਰਥਿਕ ਅਤੇ ਰਣਨੀਤਕ ਅਹਿਮੀਅਤ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਹਾਲਾਂਕਿ, ਸਮਿਥ ਨੇ ਕਿਹਾ ਕਿ ਲਗਭਗ 700,000 ਨਾਗਰਿਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਕਾਰਨ ਇਹ ਰੈਫਰੈਂਡਮ ਇੱਕ ਕਾਨੂੰਨੀ ਪ੍ਰਕਿਰਿਆ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਐਲਬਰਟਾ ਦੇ ਲੋਕਾਂ ਵਿੱਚ ਵੱਖਵਾਦੀ ਸੋਚ ਦੇ ਵਧਣ ਦਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਪੁਰਾਣੀਆਂ ਐਨਰਜੀ ਅਤੇ ਵਾਤਾਵਰਣ ਨੀਤੀਆਂ ਨੂੰ ਦੱਸਿਆ ਪਰ ਨਾਲ ਹੀ ਭਰੋਸਾ ਦਿੱਤਾ ਕਿ ਪਿਛਲੇ 18 ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮਿਲ ਕੇ ਰਿਸ਼ਤਿਆਂ ਨੂੰ ਸੁਧਾਰਨ ਅਤੇ ਅਲਬਰਟਾ ਦੇ ਹਿੱਤਾਂ ਨੂੰ ਓਟਾਵਾ ਵਿੱਚ ਮਜ਼ਬੂਤੀ ਨਾਲ ਰੱਖਣ ਲਈ ਸਕਾਰਾਤਮਕ ਕੰਮ ਕੀਤਾ ਜਾ ਰਿਹਾ ਹੈ।




