Sep 1, 2026 1:53 PM - Connect Newsroom - Ramandeep Kaur

ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਇੱਕ ਖੇਤ ਵਿਚ ਮ੍ਰਿਤਕ ਪਾਈ ਗਈ ਇੱਕ ਔਰਤ ਦੀ ਸ਼ੱਕੀ ਮੌਤ ਦੀ ਜਾਂਚ ਦੇ ਸਬੰਧ ਵਿਚ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕੋਲ ਇਸ ਮਾਮਲੇ ਨਾਲ ਜੁੜੀ ਅਹਿਮ ਜਾਣਕਾਰੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਪੁਲਿਸ ਮੁਤਾਬਕ, 26 ਅਗਸਤ ਨੂੰ ਸਵੇਰੇ ਕਰੀਬ 6:10 ਵਜੇ ਰਿਵਰ ਰੋਡ ਦੇ 6400-ਬਲੌਕ ਵਿਚ ਇੱਕ ਖੇਤ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚੀਆਂ ਤਾਂ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਸੀ। ਜਾਂਚਕਰਤਾ ਔਰਤ ਦੀ ਪਛਾਣ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਅਜੇ ਵੀ ਜੁਟੇ ਹੋਏ ਹਨ।
ਇਸ ਜਾਂਚ ਤਹਿਤ ਡੈਲਟਾ ਪੁਲਿਸ ਡਿਪਾਰਟਮੈਂਟ ਨੇ ਇੱਕ ਚਿੱਟੇ ਰੰਗ ਦੇ Dodge Ram 1500 Quad ਕੈਬ ਟਰੱਕ ਦੀ ਤਸਵੀਰ ਜਾਰੀ ਕੀਤੀ ਹੈ। ਇਨਵੈਸਟੀਗੇਟਰਸ ਮੁਤਾਬਕ, ਇਸ ਦੇ ਡਰਾਈਵਰ ਕੋਲ ਅਜਿਹੀ ਕੋਈ ਜਾਣਕਾਰੀ ਹੋ ਸਕਦੀ ਹੈ ਜੋ ਜਾਂਚ ਵਿਚ ਸਹਾਇਤਾ ਕਰ ਸਕਦੀ ਹੈ। ਗੌਰਤਲਬ ਹੈ ਕਿ ਰਿਵਰ ਰੋਡ ਦਾ 6400-ਬਲੌਕ ਇੱਕ ਘੱਟ ਆਬਾਦੀ ਵਾਲਾ ਇਲਾਕਾ ਹੈ, ਜਿਸ ਦੇ ਨੌਰਥ ਵਾਲੇ ਪਾਸੇ ਉਦਯੋਗਿਕ ਇਮਾਰਤਾਂ ਅਤੇ ਸਾਊਥ ਵਾਲੇ ਪਾਸੇ ਖੇਤ ਹਨ।




