Aug 28, 2026 6:40 PM - Connect Newsroom - Jasmine Singh

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ ਕਿ ਈਬੀ ਅਤੇ ਉਨ੍ਹਾਂ ਦੀ ਐਨ.ਡੀ.ਪੀ. ਸਰਕਾਰ ਨੇ ਇਸ ਵਿਵਾਦਤ ਕਾਨੂੰਨ 'ਤੇ ਕੁਝ ਨਹੀਂ ਕੀਤਾ ਪਰ ਹੁਣ ਸੂਬੇ ਦੇ ਲੋਕਾਂ ਕੋਲ ਇਸ ਕਾਨੂੰਨ ਨੂੰ ਖ਼ਤਮ ਕਰਨ ਦਾ ਸਿੱਧਾ ਮੌਕਾ ਹੈ, ਜਿਸ ਨੇ ਉਹਨਾਂ ਦੇ ਰੁਜ਼ਗਾਰ, ਜ਼ਮੀਨੀ ਹੱਕਾਂ ਅਤੇ ਭਵਿੱਖ ਲਈ ਇੱਕ ਵੱਡੀ ਚਿੰਤਾ ਪੈਦਾ ਕੀਤੀ ਹੈ। ਭੰਗੂ ਨੇ ਕਿਹਾ ਕਿ ਬੀ.ਸੀ. ਕੰਜ਼ਰਵੇਟਿਵ ਹੁਣ ਇਸ ਲੜਾਈ ਨੂੰ ਲੀਡ ਕਰਨ ਲਈ ਤਿਆਰ ਹਨ ਅਤੇ ਸਰਕਾਰ ਨੂੰ ਹਰ ਕਦਮ 'ਤੇ ਜਵਾਬਦੇਹ ਬਣਾਇਆ ਜਾਵੇਗਾ।
ਗੌਰਤਲਬ ਹੈ ਕਿ ਹਰਮਨ ਭੰਗੂ ਵਲੋਂ ਲੌਂਚ ਕੀਤੀ ਗਈ ਇਸ ਪਟੀਸ਼ਨ ਲਈ ਦਸਤਖਤ ਮੁਹਿੰਮ 26 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਅਤੇ 25 ਜਨਵਰੀ 2027 ਤੱਕ ਕੁੱਲ 90 ਦਿਨਾਂ ਲਈ ਚੱਲੇਗੀ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਬਿੱਲ ਨੂੰ ਵਿਧਾਨ ਸਭਾ ਵਿਚ ਭੇਜਣ ਲਈ ਹਰਮਨ ਭੰਗੂ ਨੂੰ ਬੀ.ਸੀ. ਦੇ ਸਾਰੇ 93 ਚੋਣ ਹਲਕਿਆਂ ਵਿਚੋਂ ਹਰੇਕ ਹਲਕੇ ਦੇ ਘੱਟੋ-ਘੱਟ 10 ਫੀਸਦੀ ਰਜਿਸਟਰਡ ਵੋਟਰਾਂ ਦੇ ਦਸਤਖਤ ਇਕੱਠੇ ਕਰਨ ਦੀ ਲੋੜ ਹੋਵੇਗੀ।




