Dec 6, 2024 6:07 PM - Connect Newsroom

ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਅੱਜ ਕਿਸਾਨਾਂ ਨੇ ਦੁਪਹਿਰ ਇਕ ਵਜੇ ਦੇ ਕਰੀਬ ਦਿੱਲੀ ਚੱਲੋ ਮਾਰਚ ਸ਼ੁਰੂ ਕੀਤਾ ਪਰ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗਣ ਤੋਂ ਬਾਅਦ 14 ਕਿਸਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਮੁੱਖ ਕਿਸਾਨ ਆਗੂ ਵੀ ਸ਼ਾਮਲ ਹੈ।
ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਲਈ ਆਪਣਾ ਪੈਦਲ ਮਾਰਚ ਮੁਲਤਵੀ ਕਰ ਦਿੱਤਾ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੇ ਮੱਦੇਨਜ਼ਰ ਉਨ੍ਹਾਂ ਅੱਜ ਲਈ ਆਪਣਾ ਜਥਾ ਵਾਪਸ ਬੁਲਾ ਲਿਆ ਹੈ, ਹੁਣ ਕਿਸਾਨਾਂ ਦਾ ਅਗਲਾ ਜਥਾ 8 ਦਸੰਬਰ ਨੂੰ ਦਿੱਲੀ ਰਵਾਨਾ ਹੋਵੇਗਾ।
ਦੂਜੇ ਪਾਸੇ, ਹਰਿਆਣਾ ਸਰਕਾਰ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕਿਸਾਨ ਕਿਸੇ ਵੀ ਸੂਰਤ ਵਿਚ ਅੱਗੇ ਨਹੀਂ ਵਧਣੇ ਚਾਹੀਦੇ।




