Jul 15, 2024 8:10 PM - The Canadian Press

ਨੈਨਾਈਮੋ ਵਿਚ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵਲੋਂ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਖਾਲੀ ਕਰਨ ਲਈ ਦਿੱਤੇ ਨੋਟਿਸ ਦੀ ਡੈਡਲਾਈਨ ਅੱਜ ਖਤਮ ਹੋ ਗਈ ਹੈ। ਯੂਨੀਵਰਸਿਟੀ ਵਲੋਂ ਬੀਤੇ ਵੀਰਵਾਰ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਇਕ ਉਲੰਘਣਾ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਨੈਨਾਈਮੋ ਦੇ ਕੈਂਪਸ ਵਿਚ ਆਪਣਾ ਕੈਂਪ ਖਾਲੀ ਕਰਨ ਲਈ ਕਿਹਾ ਗਿਆ ਸੀ।
ਯੂਨੀਵਰਸਿਟੀ ਨੇ ਕਿਹਾ ਸੀ ਕਿ ਜੇ ਪ੍ਰਦਰਸ਼ਨਕਾਰੀ ਸੋਮਵਾਰ ਸਵੇਰੇ 8 ਵਜੇ ਤੱਕ ਨਹੀਂ ਜਾਂਦੇ ਤਾਂ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਹਟਾਉਣ ਲਈ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵਰੇ 9 ਵਜੇ ਤਕ ਵੀ ਪ੍ਰਦਰਸ਼ਨਕਾਰੀ ਉਥੋਂ ਨਹੀਂ ਨਿਕਲੇ ਸਨ ਜਿਸ ਨੂੰ ਲੈ ਕੇ ਯੂਨੀਵੲਰਸਿਟੀ ਬਿਆਨ ਜਾਰੀ ਕਰੇਗੀ।
ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਹ ਦ੍ਰਿੜ ਹਨ ਅਤੇ ਡੈਡਲਾਈਨ ਜਾਰੀ ਕਰਕੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਖਤਰੇ ਵਿਚ ਪਾਉਣ, ਉਨ੍ਹਾਂ ਨੂੰ ਖਲਨਾਇਕ ਬਣਾਉਣ ਅਤੇ ਵਿਰੋਧ ਕਰਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਜ਼ਾ ਦੇਣ ਦੀ ਚੋਣ ਕੀਤੀ ਹੈ।
ਜ਼ਿਕਰਯੋਗ ਹੈ ਕਿ ਗਾਜ਼ਾ ਵਿਚ ਇਜ਼ਰਾਈਲ-ਹਮਾਸ ਯੁੱਧ ਵਿਰੁੱਧ ਪ੍ਰਦਰਸ਼ਨਕਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਯੂਨੀਵਰਸਿਟੀਆਂ ਇਜ਼ਰਾਈਲੀ ਫਰਮਾਂ ਅਤੇ ਸੰਸਥਾਵਾਂ ਨਾਲ ਵਿੱਤੀ ਅਤੇ ਅਕਾਦਮਿਕ ਸਬੰਧ ਤੋੜ ਦੇਣ।




