Dec 27, 2023 7:30 PM - The Associated Press

ਅਮਰੀਕਾ ਦੇ ਟੈਕਸਸ ਹਾਈਵੇਅ 'ਤੇ ਇੱਕ ਆਹਮੋ-ਸਾਹਮਣੇ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਭਿਆਨਕ ਸੜਕ ਹਾਦਸੇ ਵਿੱਚ ਮਰਨ ਵਾਲੇ 5 ਮੈਂਬਰ ਭਾਰਤ ਦੇ ਆਂਧਰਾ ਪ੍ਰਦੇਸ਼ ਤੋਂ ਸਨ ਅਤੇ ਇਹ ਪਰਿਵਾਰ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਲਈ ਉੱਥੇ ਗਿਆ ਹੋਇਆ ਸੀ।
ਆਂਧਰਾ ਪ੍ਰਦੇਸ਼ ਦੇ ਮੁਮੀਦੀਵਰਮ ਤੋਂ ਵਿਧਾਇਕ ਪੀ. ਵੈਂਕਟ ਸਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚੋਂ 5 ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਟੈਕਸਸ ਦੇ ਜਾਨਸਨ ਕਾਉਂਟੀ ਵਿੱਚ ਹਾਈਵੇਅ 67 ਤੇ ਇੱਕ ਕਾਰ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋਈ। ਹਾਦਸਾ ਸ਼ਾਮ ਕਰੀਬ 4 ਵਜੇ ਵਾਪਰਿਆ।
ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਮੁਤਾਬਕ ਕਾਰ ਵਿੱਚ ਸੱਤ ਲੋਕ ਸਵਾਰ ਸਨ ਅਤੇ ਉਨ੍ਹਾਂ ਵਿੱਚੋਂ ਸਿਰਫ ਇੱਕ ਦੀ ਹੀ ਜਾਨ ਬਚ ਸਕੀ।
ਮ੍ਰਿਤਕਾਂ ਵਿੱਚ 9 ਤੋਂ 10 ਸਾਲ ਦੇ ਦੋ ਬੱਚੇ ਸਨ। ਪੁਲਿਸ ਨੇ ਕਿਹਾ ਕਿ ਟਰੱਕ ਵਿੱਚ ਦੋ 17-17 ਸਾਲ ਦੇ ਨੌਜਵਾਨ ਸਨ ਜੋ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਜ਼ੇਰੇ ਇਲਾਜ ਹਨ।




