May 4, 2022 1:27 PM - ANI

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,205 ਨਵੇਂ ਮਾਮਲੇ ਦਰਜ ਕੀਤੇ ਹਨ, ਜਦੋਂ ਕਿ ਇਸ ਦੌਰਾਨ 2,802 ਲੋਕ ਸਿਹਤਯਾਬ ਵੀ ਹੋਏ। ਇਸ ਦੇ ਨਾਲ ਹੀ 31 ਲੋਕਾਂ ਦੀ ਇਸ ਲਾਗ ਕਾਰਨ ਮੌਤ ਹੋ ਗਈ। ਹੁਣ ਤੱਕ 19,509 ਮਾਮਲੇ ਹਸਪਤਾਲਾਂ ਵਿਚ ਸਰਗਰਮ ਹਨ। ਮਹਾਮਾਰੀ ਦੇ ਸ਼ੁਰੂ ਤੋਂ ਹੁਣ ਤੱਕ ਭਾਰਤ ਕੁੱਲ 4,30,88,118 ਕੋਰੋਨਾ ਦੇ ਮਾਮਲੇ ਦਰਜ ਕਰ ਚੁੱਕਾ ਹੈ।
ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 31 ਵਿੱਚੋਂ 29 ਮੌਤਾਂ ਇਕੱਲੇ ਕੇਰਲਾ ਵਿੱਚ ਦਰਜ ਹੋਈਆਂ, ਜਦੋਂ ਇਕ-ਇਕ ਮਾਮਲਾ ਮਹਾਰਾਸ਼ਟਰ ਤੇ ਦਿੱਲੀ ਨਾਲ ਸਬੰਧਤ ਹੈ। ਹੁਣ ਤੱਕ ਭਾਰਤ ਵਿੱਚ ਕੁੱਲ ਮਿਲਾ ਕੇ 5,23,920 ਲੋਕ ਕੋਰੋਨਾ ਵਾਇਰਸ ਦੀ ਲਾਗ ਕਾਰਨ ਜਾਨ ਗੁਆ ਚੁੱਕੇ ਹਨ। ਇਸ ਸਮੇਂ ਭਾਰਤ ਵਿੱਚ ਕੋਵਿਡ ਰਿਕਵਰੀ ਦਰ 98.74 ਫ਼ੀਸਦੀ ਹੈ।
ਉੱਥੇ ਹੀ, ਪਟਿਆਲਾ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਜ਼ਿਲ੍ਹੇ ਵਿਚ ਕੋਵਿਡ ਹੌਟ-ਸਪਾਟ ਬਣਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਯੂਨੀਵਰਸਿਟੀ ਵਿੱਚ 46 ਨਵੇਂ ਮਾਮਲੇ ਦਰਜ ਹੋਏ ਹਨ। ਪਿਛਲੇ ਚਾਰ ਦਿਨਾਂ ਦੌਰਾਨ ਯੂਨੀਵਰਸਿਟੀ ਵਿਚ 60 ਪਾਜ਼ੇਟਿਵ ਮਾਮਲੇ ਮਿਲ ਚੁੱਕੇ ਹਨ। ਯੂਨੀਵਰਸਿਟੀ ਕੈਂਪਸ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀ ਅਤੇ ਸਿਵਲ ਸਰਜਨ ਯੂਨੀਵਰਸਿਟੀ ਦਾ ਦੌਰਾ ਕਰਕੇ ਜਾਇਜ਼ਾ ਲੈ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਮਾਮਲੇ ਹੋਰ ਵਧਣ ਦਾ ਖ਼ਦਸ਼ਾ ਹੈ।




