Sep 11, 2026 4:05 PM - Connect Newsroom - Ramandeep Kaur with files from The Canadian Press

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
ਇਹ ਪਟੀਸ਼ਨ ਆਇਲਰਜ਼ ਦੀ ਪੁਰਾਣੀ ਸਮਰਥਕ Mary Loewen, ਜਿਨ੍ਹਾਂ ਨੂੰ "Mama Stanley" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਫੋਰਮੈਂਟਨ ਟੀਮ ਦਾ ਹਿੱਸਾ ਰਹਿਣਗੇ, ਉਹ ਟੀਮ ਦਾ ਸਮਰਥਨ ਨਹੀਂ ਕਰਨਗੇ।
ਆਇਲਰਜ਼ ਨੇ ਬੁੱਧਵਾਰ ਨੂੰ ਫੋਰਮੈਂਟਨ ਨਾਲ US$850,000 ਦਾ ਇੱਕ ਸਾਲ ਦਾ ਇਕਰਾਰਨਾਮਾ ਕੀਤਾ ਸੀ। ਜ਼ਿਕਰਯੋਗ ਹੈ ਕਿ ਫੋਰਮੈਂਟਨ ਉਨ੍ਹਾਂ ਪੰਜ ਸਾਬਕਾ ਕੈਨੇਡੀਅਨ ਵਰਲਡ ਜੂਨੀਅਰ ਖਿਡਾਰੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ 2018 ਵਿੱਚ ਓਨਟਾਰੀਓ ਵਿਖੇ ਹਾਕੀ ਕੈਨੇਡਾ ਦੇ ਇੱਕ ਸਮਾਗਮ ਤੋਂ ਬਾਅਦ ਇੱਕ ਮਹਿਲਾ ਨਾਲ ਜੁੜੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।




