Jan 13, 2025 1:03 PM - The Canadian Press

ਕੈਨੇਡਾ ਦੇ ਅਗਲੇ ਪੀ. ਐੱਮ.ਅਤੇ ਲਿਬਰਲ ਪਾਰਟੀ ਦਾ ਲੀਡਰ ਬਣਨ ਦੀ ਦੌੜ ਤੋਂ ਟਰੂਡੋ ਦੇ ਇੱਕ ਹੋਰ ਹਾਈ ਪ੍ਰੋਫਾਇਲ ਲੀਡਰ ਨੇ ਕਿਨਾਰਾ ਕਰ ਲਿਆ ਹੈ। ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਘੋਸ਼ਣਾ ਕੀਤੀ ਹੈ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਨਾ ਹੀ ਅਗਲੀਆਂ ਫੈਡਰਲ ਚੋਣਾਂ ਲੜਨਗੇ।
ਅਨੀਤਾ ਆਨੰਦ ਮੌਜੂਦਾ ਸਮੇਂ ਓਨਟਾਰੀਓ ਦੀ ਓਕਵਿਲ ਰਾਈਡਿੰਗ ਤੋਂ ਐਮ.ਪੀ. ਹਨ। ਵੀਕੈਂਡ 'ਤੇ ਜਾਰੀ ਸਟੇਟਮੈਂਟ ਵਿਚ ਆਨੰਦ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਤੱਕ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਰਹਿਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮੇਲਾਨੀ ਜੋਲੀ ਅਤੇ ਹਾਲ ਹੀ ਵਿਚ ਵਿੱਤ ਮਿਨਿਸਟਰ ਵਜੋਂ ਨਿਯੁਕਤ ਕੀਤੇ ਗਏ ਸਾਬਕਾ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲੈਂਕ ਨੇ ਲੀਡਰਸ਼ਿਪ ਦੌੜ ਤੋਂ ਬਾਹਰ ਰਹਿਣ ਦੀ ਘੋਸ਼ਣਾ ਕੀਤੀ ਸੀ।
ਅਨੀਤਾ ਆਨੰਦ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਹੁਣ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵਧਣ ਦਾ ਫੈਸਲਾ ਕੀਤਾ ਹੈ ਤਾਂ ਮੈਂ ਵੀ ਇਹ ਨਿਰਧਾਰਤ ਕੀਤਾ ਹੈ ਕਿ ਮੇਰੇ ਲਈ ਵੀ ਇਹੀ ਕਰਨ ਦਾ ਸਹੀ ਸਮਾਂ ਹੈ। ਆਨੰਦ ਨੇ ਕਿਹਾ ਕਿ ਉਹਨਾਂ ਸਿੱਖਿਆ, ਰਿਸਰਚ ਅਤੇ ਪਬਲਿਕ ਪੌਲਿਸੀ ਵਿਸ਼ਲੇਸ਼ਣ ਦੀ ਆਪਣੀ ਪਿਛਲੀ ਪੇਸ਼ੇਵਰ ਜੀਵਨ ਵਿਚ ਵਾਪਸ ਜਾਣ ਦਾ ਮਨ ਬਣਾਇਆ ਹੈ।




