Sep 1, 2026 1:37 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਤਿੰਨ ਫੈਡਰਲ ਸੀਟਾਂ 'ਤੇ ਹੋਈਆਂ ਉਪ-ਚੋਣਾਂ ਵਿਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ ਅਤੇ ਹਾਊਸ ਔਫ ਕਾਮਨਜ਼ ਵਿਚ ਆਪਣੀ ਬਹੁਮਤ ਸਰਕਾਰ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਇਸ ਚੋਣ ਮੁਕਾਬਲੇ ਦੀ ਸਭ ਤੋਂ ਹੈਰਾਨੀਜਨਕ ਜਿੱਤ ਕਿਊਬੈਕ ਦੇ Chicoutimi–Le Fjord ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਵੋਟਰਾਂ ਨੇ ਪਾਸਾ ਪਲਟਦਿਆਂ ਇਹ ਰਾਈਡਿੰਗ ਪੀਅਰ ਪੌਲੀਐਵ ਦੀ ਕੰਜ਼ਰਵੇਟਿਵ ਕੋਲੋਂ ਖੋਹ ਕੇ ਲਿਬਰਲ ਪਾਰਟੀ ਦੀ ਝੋਲੀ ਪਾ ਦਿੱਤੀ ਹੈ।
ਇਸ ਤੋਂ ਇਲਾਵਾ ਲਿਬਰਲਸ ਨੇ ਓਨਟਾਰੀਓ ਦੀ Beaches–East York ਅਤੇ ਬੀ. ਸੀ. ਦੀ ਉੱਤਰੀ ਵੈਨਕੂਵਰ–ਕੈਪੀਲਾਨੋ ਸੀਟਾਂ 'ਤੇ ਵੀ ਆਸਾਨੀ ਨਾਲ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਇਨ੍ਹਾਂ ਤਿੰਨਾਂ ਸੀਟਾਂ 'ਤੇ ਮਿਲੀ ਸ਼ਾਨਦਾਰ ਜਿੱਤ ਦੀ ਬਦੌਲਤ ਹਾਊਸ ਵਿਚ ਲਿਬਰਲਸ ਦੀਆਂ ਸੀਟਾਂ ਦੀ ਗਿਣਤੀ 173 ਹੋ ਗਈ ਹੈ। ਇਹ ਅੰਕੜਾ ਸੰਸਦ ਵਿਚ ਬਹੁਮਤ ਕਾਇਮ ਰੱਖਣ ਲਈ ਲੋੜੀਂਦੀਆਂ ਸੀਟਾਂ ਤੋਂ ਇੱਕ ਸੀਟ ਵੱਧ ਹੈ।
ਪੂਰਨ ਬਹੁਮਤ ਮਿਲਣ ਨਾਲ ਹੁਣ ਲਿਬਰਲ ਸਰਕਾਰ ਬਿਨਾਂ ਕਿਸੇ ਸਿਆਸੀ ਖਤਰੇ ਜਾਂ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤੇ ਦੇ ਡਰ ਤੋਂ ਸਾਲ 2029 ਤੱਕ ਸੱਤਾ ਵਿਚ ਰਹਿ ਸਕਦੀ ਹੈ। ਇਹ ਜਿੱਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਲਈ ਟ੍ਰੇਡ ਵਾਰ ਦੇ ਬਹੁਤ ਨਾਜ਼ੁਕ ਸਮੇਂ 'ਤੇ ਆਈ ਹੈ ਅਤੇ 21 ਸਤੰਬਰ ਤੋਂ ਸੰਸਦ ਦਾ ਫਾਲ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਉਥੇ ਹੀ, ਇਸ ਫਤਵੇ ਨੂੰ ਟਰੰਪ ਦੇ ਟੈਰਿਫ ਦਬਾਅ ਵਿਰੁੱਧ ਕਾਰਨੀ ਸਰਕਾਰ ਵੱਲੋਂ ਵਪਾਰਕ ਗੱਲਬਾਤ ਰੋਕਣ ਅਤੇ ਕੈਨੇਡਾ ਦੇ ਹਿੱਤਾਂ ਲਈ ਡਟਣ ਦੇ ਫੈਸਲੇ 'ਤੇ ਜਨਤਾ ਦੀ ਮੋਹਰ ਵਜੋਂ ਦੇਖਿਆ ਜਾ ਰਿਹਾ ਹੈ।




