Mar 11, 2026 6:05 PM - Connect Newsroom - Ramandeep Kaur

ਵੈਨਕੂਵਰ ਪੁਲਿਸ ਨੇ ਡਾਊਨਟਾਊਨ ਕੋਰ ਵਿਚ ਮਹਿਲਾਵਾਂ 'ਤੇ ਹੋਏ ਲੜੀਵਾਰ ਹਮਲਿਆਂ ਦੇ ਮਾਮਲੇ ਵਿਚ ਇੱਕ 28 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ ਸੰਭਾਵਿਤ ਪੀੜਤਾਂ ਦੀ ਪਛਾਣ ਲਈ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਪੁਲਿਸ ਮੁਤਾਬਕ, ਜਾਂਚ ਦੀ ਸ਼ੁਰੂਆਤ 29 ਜਨਵਰੀ, 2025 ਨੂੰ ਹੋਈ ਸੀ, ਜਦੋਂ ਇੱਕ 44 ਸਾਲਾ ਮਹਿਲਾ 'ਤੇ ਗ੍ਰੈਨਵਿਲ ਅਤੇ ਡਨਸਮੁਇਰ ਸਟ੍ਰੀਟ ਦੇ ਨੇੜੇ ਇੱਕ ਅਣਜਾਣ ਵਿਅਕਤੀ ਨੇ ਹਮਲਾ ਕੀਤਾ।
ਅਗਲੇ ਕਈ ਮਹੀਨਿਆਂ ਦੌਰਾਨ ਤਿੰਨ ਹੋਰ ਔਰਤਾਂ ਨੇ ਵੀ ਅਜਿਹੇ ਹੀ ਹਮਲੇ ਦੀ ਰਿਪੋਰਟ ਕੀਤੀ। ਹਰੇਕ ਘਟਨਾ ਵਿਚ ਸ਼ੱਕੀ ਵਿਅਕਤੀ ਪੈਦਲ ਚੱਲ ਰਹੀਆਂ ਔਰਤਾਂ ਨੂੰ ਕੋਹਣੀ ਮਾਰਦਾ ਸੀ ਜਾਂ ਮੋਢੇ ਨਾਲ ਜ਼ੋਰਦਾਰ ਟੱਕਰ ਮਾਰ ਕੇ ਲੰਘ ਜਾਂਦਾ ਸੀ, ਜਿਸ ਕਾਰਨ ਕਈ ਔਰਤਾਂ ਜ਼ਮੀਨ 'ਤੇ ਵੀ ਡਿੱਗੀਆਂ। ਵੈਨਕੂਵਰ ਪੁਲਿਸ ਦੇ ਸਪੈਸ਼ਲ ਇਨਵੈਸਟੀਗੇਸ਼ਨ ਸੈਕਸ਼ਨ ਨੇ 5 ਮਾਰਚ ਨੂੰ ਡਾਇਲਨ ਬ੍ਰੈਂਡਨ ਗੈਟਾ ਨਾਮਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ।
ਉਸ ਵਿਰੁੱਧ 29 ਜਨਵਰੀ 2025 ਤੋਂ 31 ਜਨਵਰੀ 2026 ਵਿਚਕਾਰ ਹੋਏ ਹਮਲਿਆਂ ਲਈ ਚਾਰ ਮਾਮਲੇ ਦਰਜ ਕੀਤੇ ਗਏ ਹਨ। ਕਾਂਸਟੇਬਲ ਮੇਗਨ ਲੂਈ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਹੋਰ ਵੀ ਕਈ ਔਰਤਾਂ ਇਸ ਦਾ ਸ਼ਿਕਾਰ ਹੋਈਆਂ ਹੋ ਸਕਦੀਆਂ ਹਨ, ਇਸ ਲਈ ਸ਼ੱਕੀ ਦੀ ਤਸਵੀਰ ਜਾਰੀ ਕਰਕੇ ਅਜਿਹੇ ਪੀੜਤਾਂ ਨੂੰ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਹੈ।




