Aug 27, 2026 4:58 PM - Connect Newsroom - Ramandeep Kaur

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਸਾਲ 2023 ਵਿਚ ਹੋਈ ਇੱਕ ਹੱਤਿਆ ਦੇ ਮਾਮਲੇ ਵਿਚ 43 ਸਾਲਾ ਡਸਟਿਨ ਗੈਸਟਲਨਾਂ ਦੇ ਮੁਲਜ਼ਮ ਨੂੰ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਦੇ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ, ਇਹ ਮਾਮਲਾ 3 ਜਨਵਰੀ 2023 ਨੂੰ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਨੂੰ ਪਾਵੇਲ ਸਟ੍ਰੀਟ ਅਤੇ ਰੇਮੂਰ ਐਵੇਨਿਊ ਨੇੜੇ ਲੱਗੀ ਇੱਕ ਬਾਹਰੀ ਸ਼ੱਕੀ ਅੱਗ ਨੂੰ ਬੁਝਉਂਦੇ ਸਮੇਂ ਸੜੇ ਹੋਏ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਸਨ।
ਪੁਲਿਸ ਜਾਂਚ ਵਿਚ ਮ੍ਰਿਤਕ ਦੀ ਪਛਾਣ 34 ਸਾਲਾ ਜੈਫ ਜੈਂਟੀ ਵਜੋਂ ਹੋਈ, ਜੋ ਕਿ ਉਸ ਸਾਲ ਸ਼ਹਿਰ ਵਿਚ ਹੋਈ ਪਹਿਲੀ ਹੱਤਿਆ ਸੀ। ਵੈਨਕੂਵਰ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ, ਅਦਾਲਤ ਨੇ 10 ਅਗਸਤ ਨੂੰ ਗੈਸਟਲ ਨੂੰ ਇਹ ਸਜ਼ਾ ਸੁਣਾਈ, ਜੋ ਕਿ ਉਸ ਵੱਲੋਂ ਕਿਸੇ ਹੋਰ ਅਪਰਾਧ ਲਈ ਪਹਿਲਾਂ ਤੋਂ ਕੱਟੀ ਜਾ ਰਹੀ ਜੇਲ੍ਹ ਦੀ ਸਜ਼ਾ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਪੁਲਿਸ ਅਨੁਸਾਰ,ਜੈਂਟੀ ਦੀ ਮੌਤ ਦੀ ਮੁੱਖ ਜਾਂਚ ਅਜੇ ਵੀ ਖੁੱਲ੍ਹੀ ਹੈ ਅਤੇ ਇਸ ਵਾਰਦਾਤ ਵਿਚ ਸ਼ਾਮਲ ਇੱਕ ਹੋਰ ਸ਼ੱਕੀ ਮਹਿਲਾ ਦੀ ਭਾਲ ਲਗਾਤਾਰ ਜਾਰੀ ਹੈ।




