Sep 15, 2021 9:54 AM -

ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਭਾਜਪਾ ਸਰਕਾਰ 'ਤੇ ਕਥਿਤ ਤੌਰ 'ਤੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਸਰਕਾਰ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ ਅਤੇ ਕੇਂਦਰ ਨੂੰ ਅਫ਼ਗ਼ਾਨਿਸਤਾਨ ਦੇ ਮੁੱਦਿਆਂ ਜ਼ਰੀਏ ਭਟਕਾਉਣ ਦੀ ਥਾਂ, ਆਪਣੇ ਮੁਲਕ ਦੇ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਧਿਆਨ ਦੇਣ ਲਈ ਆਖਿਆ।
ਆਪਣੇ ਪੁੰਛ ਦੇ ਦੌਰੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ, ਜੰਮੂ ਅਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਸਣੇ ਕਿਸੇ ਦੀ ਵੀ ਨਹੀਂ ਸੁਨ ਰਹੀ, ਜੋ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
"ਤਾਲਿਬਾਨ, ਅਫ਼ਗ਼ਾਨਿਸਤਾਨ ਵਿੱਚ ਹਨ। ਉਹਨਾਂ ਬਾਰੇ ਗੱਲ ਕਿਉਂ ਕਰਨੀ? ਸਾਡੇ ਕੋਲ ਇੱਥੇ ਹੀ ਬਹੁਤ ਸਾਰੇ ਮੁੱਦੇ ਹਨ, ਸਭ ਤੋਂ ਵੱਡਾ ਕਿਸਾਨਾਂ ਦੇ ਸੰਘਰਸ਼ ਦਾ ਮੁੱਦਾ। ਕਿਉਂ ਅਸੀਂ ਕਿਸਾਨਾਂ, ਮੁਲਕ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਨਹੀਂ ਕਰਦੇ?" ਮੁਫ਼ਤੀ ਨੇ ਪੁੱਛਿਆ।
"ਉਹ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਦੇ, ਜੋ ਕਿ ਵੰਡ, ਬਹੁਤ ਸਾਰਾ ਭ੍ਰਿਸ਼ਟਾਚਾਰ ਅਤੇ ਵਿਕਾਸ ਦੀ ਕਮੀ ਹਨ।"
ਪੀਡੀਪੀ ਮੁਖੀ ਨੇ ਅੱਗੇ ਆਖਿਆ ਕਿ ਉਨ੍ਹਾਂ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਯੂਟੀ ਵਿੱਚ ਕੋਈ ਵਿਕਾਸ ਨਹੀਂ ਵੇਖਿਆ।
"ਉਹ ਦਾਅਵਾ ਕਰ ਰਹੇ ਹਨ ਕਿ ਧਾਰਾ 370 ਜੰਮੂ ਅਤੇ ਕਸ਼ਮੀਰ ਦੇ ਵਿਕਾਸ ਲਈ ਹਟਾਈ ਗਈ ਹੈ। ਮੈਨੂੰ ਤਾਂ ਕੋਈ ਵਿਕਾਸ ਨਜ਼ਰ ਨਹੀਂ ਆ ਰਿਹਾ। ਮੈਨੂੰ ਇੱਥੇ ਕਿਤੇ ਵੀ ਸੜਕਾਂ ਦੀ ਉਸਾਰੀ ਨਹੀਂ ਦਿਖ ਰਹੀ। ਇੱਥੋਂ ਤੱਕ ਕਿ ਸਾਡੇ ਖਣਿਜਾਂ ਦੇ ਟੈਂਡਰ ਅਤੇ ਨੌਕਰੀਆਂ ਵੀ ਬਾਹਰ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ,"ਉਨ੍ਹਾਂ ਅੱਗੇ ਆਖਿਆ।
"ਭਾਜਪਾ ਨੇ ਆਪਣੇ ਮੁਲਕ ਦੇ ਲੋਕਾਂ ਦੀ ਹਾਲਾਤ ਐਨੀ ਤਰਸਯੋਗ ਬਣਾ ਦਿੱਤੀ ਹੈ ਕਿ ਉਹ ਰਾਸ਼ਨ ਤੱਕ ਨਹੀਂ ਖਰੀਦ ਪਾ ਰਹੇ। ਕਿਸਾਨ ਮੁਲਕ ਦੇ ਲੋਕਾਂ ਨੂੰ ਭੋਜਨ ਦਿੰਦੇ ਹਨ ਪਰ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਵੀ ਸੜਕਾਂ 'ਤੇ ਰੋਲ ਦਿੱਤਾ ਹੈ,"ਉਨ੍ਹਾਂ ਅੱਗੇ ਕਿਹਾ।




