Mar 18, 2026 4:35 PM - Connect Newsroom - Jasmine Singh with files from The Canadian Press

ਮਾਂਟਰੀਅਲ ਵਿਚ ਤਿੰਨ ਸਾਲ ਪਹਿਲਾਂ ਇੱਕ ਬਿਲਡਿੰਗ ਵਿਚ ਅੱਗ ਲੱਗਣ ਕਾਰਨ 4 ਲੜਕੀਆਂ ਸਮੇਤ 7 ਲੋਕਾਂ ਦੀ ਹੋਈ ਮੌਤ ਦੇ ਸਬੰਧ ਵਿਚ ਪੁਲਿਸ ਨੇ ਇਸ ਇਮਾਰਤ ਦੇ ਮਾਲਕ ਨੂੰ ਕਤਲ ਦੇ ਸੱਤ ਦੇ ਦੋਸ਼ਾਂ ਨਾਲ ਚਾਰਜ ਕੀਤਾ ਹੈ। ਮ੍ਰਿਤਕਾਂ ਦੀ ਉਮਰ 18 ਤੋਂ 76 ਸਾਲ ਸੀ।
ਮਾਂਟਰੀਅਲ ਪੁਲਿਸ ਦੇ ਮੁੱਖ ਇੰਸਪੈਕਟਰ ਡੇਵਿਡ ਸ਼ੇਨ ਨੇ ਦੱਸਿਆ ਕਿ 63 ਸਾਲਾ ਵਕੀਲ ਅਤੇ ਕਾਰੋਬਾਰੀ ਐਮਿਲ ਬੇਨਾਮੋਰ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ, ਮਾਂਟਰੀਅਲ ਖੇਤਰ ਵਿਚ ਉਸ ਦੀਆਂ ਕਈਆਂ ਪ੍ਰਾਪਰਟੀਜ਼ ਹਨ।
ਬੇਨਾਮੋਰ 'ਤੇ ਅਪਰਾਧਿਕ ਲਾਪਰਵਾਹੀ ਦੇ 8 ਦੋਸ਼ ਵੀ ਲਗਾਏ ਗਏ ਹਨ, ਉਸ ਨੂੰ ਕੁੱਲ ਮਿਲਾ ਕੇ 15 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 16 ਮਾਰਚ 2023 ਨੂੰ ਇਹ ਘਟਨਾ ਓਲਡ ਮਾਂਟਰੀਅਲ ਦੇ ਪਲੇਸ ਡੀ'ਯੂਵਿਲ ਵਿਖੇ 1890 ਦੀ ਬਣੀ ਬਿਲਡਿੰਗ ਵਿਚ ਵਾਪਰੀ ਸੀ, ਮ੍ਰਿਤਕਾਂ ਵਿਚੋਂ 6 ਗੈਰ-ਕਾਨੂੰਨੀ ਤਰੀਕੇ ਨਾਲ ਬਿਲਡਿੰਗ ਵਿਚ ਚਲਾਏ ਜਾ ਰਹੇ ਸ਼ਾਰਟ ਟਰਮ ਰੈਂਟਲ ਵਿਚ ਰਹਿ ਰਹੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਅੱਗ ਦੇ ਜਲਦੀ ਫੈਲਣ ਦੇ ਸਬੰਧ ਵਿਚ ਘਟਨਾ ਵਾਲੀ ਥਾਂ ਤੋਂ ਐਕਸੈਲੇਰੈਂਟ ਦੇ ਨਿਸ਼ਾਨ ਮਿਲੇ ਸਨ, ਜਿਸ ਕਾਰਨ ਅਪਰਾਧਿਕ ਜਾਂਚ ਸ਼ੁਰੂ ਕੀਤੀ ਗਈ ਸੀ। ਅੱਗ ਲੱਗਣ ਸਮੇਂ ਇਮਾਰਤ ਵਿਚ 22 ਲੋਕ ਸਨ, ਜਿਹਨਾਂ ਵਿਚੋਂ ਨੌਂ ਜ਼ਖਮੀ ਹੋਏ ਸਨ।




