Aug 24, 2026 4:05 PM - Connect Newsroom - Ramandeep Kaur with files from The Canadian Press

ਬੀ.ਸੀ. ਵਿਚ 7,000 ਤੋਂ ਵੱਧ ਅਸਮਾਨੀ ਬਿਜਲੀ ਦੀ ਸਟ੍ਰਾਈਕਸ ਕਾਰਨ ਸੂਬੇ ਵਿਚ 60 ਤੋਂ ਵੱਧ ਨਵੀਆਂ ਜੰਗਲੀ ਅੱਗਾਂ ਭੜਕੀਆਂ ਹਨ, ਜਦੋਂ ਕਿ ਐਤਵਾਰ ਨੂੰ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਘੱਟੋ-ਘੱਟ 50 ਉਡਾਣਾਂ ਰੱਦ ਹੋਈਆਂ ਅਤੇ 53 ਵਿਚ ਦੇਰੀ ਹੋਈ। ਬੀ.ਸੀ.ਵਾਈਲਡਫ਼ਾਇਰ ਸਰਵਿਸ ਮੁਤਾਬਕ, ਪਿਛਲੇ 24 ਘੰਟਿਆਂ ਵਿਚ 67 ਦੇ ਕਰੀਬ ਨਵੀਆਂ ਅੱਗਾਂ ਲੱਗੀਆਂ।
ਹਾਲਾਂਕਿ, ਤੂਫਾਨ ਦੇ ਨਾਲ ਆਏ ਮੀਂਹ ਨੇ ਅੱਗ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਕੀਤੀ ਅਤੇ ਜ਼ਿਆਦਾਤਰ ਨਵੀਆਂ ਅੱਗਾਂ 'ਤੇ ਕਾਬੂ ਪਾ ਲਿਆ ਗਿਆ। ਵੀਕਐਂਡ ਦੇ thunderstorms ਕਾਰਨ ਵੈਨਕੂਵਰ ਏਅਰਪੋਰਟ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼ਨੀਵਾਰ ਰਾਤ 9:30 ਵਜੇ ਤੋਂ ਐਤਵਾਰ ਤੜਕੇ 2:55 ਵਜੇ ਤੱਕ ਕੰਮਕਾਜ ਰੋਕਣਾ ਪਿਆ। ਇਸ ਵਿਘਨ ਕਾਰਨ ਹਜ਼ਾਰਾਂ ਯਾਤਰੀ ਘੰਟਿਆਂ ਬੱਧੀ ਜਹਾਜ਼ਾਂ ਅਤੇ ਟਰਮੀਨਲ 'ਤੇ ਫਸੇ ਰਹੇ ਅਤੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ।
ਬੀ.ਸੀ.ਵਾਈਲਡਫ਼ਾਇਰ ਸਰਵਿਸ ਮੁਤਾਬਕ, ਫਿਲਹਾਲ ਸੂਬੇ ਵਿਚ 180 ਦੇ ਕਰੀਬ ਜੰਗਲੀ ਅੱਗਾਂ ਸਰਗਰਮ ਹਨ। ਇਸ ਸਾਲ 1 ਅਪ੍ਰੈਲ ਤੋਂ ਹੁਣ ਤੱਕ ਬੀ. ਸੀ. ਨੇ 1,150 ਜੰਗਲੀ ਅੱਗਾਂ ਦਰਜ ਕੀਤੀਆਂ ਹਨ, ਜਿਹਨਾਂ ਨਾਲ ਕੁੱਲ 465,000 ਹੈਕਟੇਅਰ ਦੇ ਕਰੀਬ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਹੈ।




