Dec 28, 2023 3:16 PM - Connect News

ਔਟਵਾ ਦੇ ਰਿਡੋ ਨਦੀ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਇੱਥੇ ਬਰਫ਼ ਤੋਂ ਫਿਸਲ ਕੇ ਪਾਣੀ ਵਿਚ ਡਿੱਗੇ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ ਹੋ ਗਈ ਹੈ। ਉੱਥੇ ਹੀ, ਦੂਜੇ ਦੀ ਭਾਲ ਜਾਰੀ ਹੈ।
ਪੁਲਿਸ ਨੇ ਕਿਹਾ ਕਿ ਬੁੱਧਵਾਰ ਰਾਤ ਉਨ੍ਹਾਂ ਨੂੰ ਨਿਕੋਲਸ ਆਈਲੈਂਡ ਰੋਡ ਦੇ ਏਰੀਏ ਵਿਚ 4 ਨੌਜਵਾਨਾਂ ਦੇ ਪਾਣੀ ਵਿਚ ਡਿੱਗਣ ਦੀ ਰਿਪੋਰਟ ਮਿਲੀ, ਜਿਨ੍ਹਾਂ ਵਿਚੋਂ ਇਕ 15 ਸਾਲਾ ਲੜਕੀ ਅਤੇ ਇਕ 17 ਸਾਲਾ ਲੜਕਾ ਰਿਵਰ ਦੇ ਕਿਨਾਰੇ ਤੱਕ ਪਹੁੰਚਣ ਵਿਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਹਾਈਪੋਥਰਮੀਆ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਥੇ ਹੀ, ਦੋ ਹੋਰ ਜੋ ਲਾਪਤਾ ਸਨ ਉਨ੍ਹਾਂ ਵਿਚ ਇੱਕ ਦੀ ਉਮਰ 16 ਸਾਲ ਅਤੇ ਦੂਜੇ ਦੀ 17 ਸਾਲ ਸੀ।
ਪੁਲਿਸ ਨੇ ਦੱਸਿਆ ਕਿ ਲਾਪਤਾ ਨੌਜਵਾਨਾਂ ਵਿਚੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹਾਲਾਂਕਿ, ਪੁਲਿਸ ਵਲੋਂ ਪੀੜਤਾਂ ਦੀ ਪਛਾਣ ਫਿਲਹਾਲ ਜਾਰੀ ਨਹੀਂ ਕੀਤੀ ਗਈ। ਪੈਰਮੈਡਿਕਸ ਨੇ ਔਟਵਾ ਪੁਲਿਸ ਦੇ ਇੱਕ ਗੋਤਾਖੋਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਗੌਰਤਲਬ ਹੈ ਕਿ ਔਟਵਾ ਵਿਚ ਇਸ ਮਹੀਨੇ ਤਾਪਮਾਨ ਆਮ ਨਾਲੋਂਗਰਮ ਰਿਹਾ ਹੈ, ਪਿਛਲੇ ਲਗਾਤਾਰ ਪੰਜ ਦਿਨ ਇੱਥੇ ਤਾਪਮਾਨ 0 ਡਿਗਰੀ ਸੈਲਸੀਅਸ ਤੋਂ ਉੱਪਰ ਸੀ। ਮੰਗਲਵਾਰ ਨੂੰ ਇੱਥੇ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਬੁੱਧਵਾਰ ਨੂੰ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।




