Mar 2, 2020 6:40 PM -

ਓਂਟਾਰੀਓ ਵਿੱਚ ਕੋਵਿੱਡ-19 ਦੇ 3 ਨਵੇਂ ਕੇਸ ਉੱਭਰਕੇ ਸਾਹਮਣੇ ਆਏ ਹਨ ਜਿਸ ਨਾਲ ਸੂਬੇ ਵਿੱਚ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੁਣ 18 ਹੋ ਗਈ ਹੈ।
ਸੂਬੇ ਦੇ ਚੀਫ ਮੈਡੀਕਲ ਅਫਸਰ ਡਾਕਟਰ ਡੇਵਿਡ ਵਿਲੀਅਮਜ਼ ਵੱਲੋਂ ਇਸ ਸਬੰਧ ਵਿੱਚ ਹੋਰ ਜਾਣਕਾਰੀ ਅੱਜ ਦੁਪਹਿਰੇ ਸਾਂਝੀ ਕੀਤੀ ਜਾਵੇਗੀ।
ਵੀਕੈਂਡ ਦੌਰਾਨ ਓਂਟਾਰੀਓ ਵਿੱਚ 4 ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਸਾਰੇ ਵਿਅਕਤੀ ਜਾਂ ਤਾਂ ਈਰਾਨ ਤੋਂ ਵਾਪਸ ਸਫ਼ਰ ਕਰਕੇ ਆਏ ਸਨ ਜਾਂ ਇਜਿਪਟ ਤੋਂ।
ਵਿਲੀਅਮਜ਼ ਮੁਤਾਬਕ ਵਾਇਰਸ ਦੇ ਸਥਾਨਕ ਪੱਧਰ ਤੇ ਫੈਲਣ ਦਾ ਖ਼ਤਰਾ ਨਹੀਂ ਜਾਪਦਾ। ਸੂਬੇ ਵਿੱਚ ਵਾਇਰਸ ਤੋਂ ਪੀੜਤ ਪਾਏ ਗਏ ਪਹਿਲੇ 4 ਵਿਅਕਤੀ ਚੀਨ ਤੋਂ ਸਫ਼ਰ ਕਰਕੇ ਆਏ ਸਨ ਜਿਨ੍ਹਾਂ ਵਿੱਚੋਂ 3 ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ।
ਇਰਾਨ ਵੱਲੋਂ ਵਾਇਰਸ ਦੇ 1,501 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਨਾਲ 66 ਜਾਨਾਂ ਜਾ ਚੁੱਕੀਆਂ ਹਨ।
ਈਜਿਪਟ ਵਿੱਚ ਵਾਇਰਸ ਤੋਂ ਦੋ ਵਿਅਕਤੀਆਂ ਦੇ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਵਿੱਚ 80,000 ਵਿਅਕਤੀ ਵਾਇਰਸ ਤੋਂ ਪੀੜਤ ਪਾਏ ਗਏ ਹਨ ਅਤੇ 2,800 ਜਾਨਾਂ ਜਾ ਚੁੱਕੀਆਂ ਹਨ। ਓਂਟਾਰੀਓ ਵਿੱਚ ਵਾਇਰਸ ਦੇ ਨਵੇਂ ਕੇਸਾਂ ਸਦਕਾ ਕੈਨੇਡਾ ਵਿੱਚ ਪੀੜਤਾਂ ਦੀ ਗਿਣਤੀ ਹੁਣ 27 ਹੋ ਗਈ ਹੈ ਜਿਨ੍ਹਾਂ ਵਿੱਚੋਂ 8 ਕੇਸ ਬ੍ਰਿਟਿਸ਼ ਕੋਲੰਬੀਆ ਅਤੇ ਇੱਕ ਕਿਊਬੈੱਕ ਵਿੱਚ ਹੈ।




