Aug 19, 2026 2:19 PM - Connect Newsroom - Ramandeep Kaur with files from The Canadian Press

ਕੈਨੇਡਾ ਵਿਚ ਗੰਭੀਰ ਅਪਰਾਧੀਆਂ ਨੂੰ ਆਸਾਨੀ ਨਾਲ ਮਿਲਣ ਵਾਲੀ ਜ਼ਮਾਨਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਰਮ ਕਾਨੂੰਨਾਂ ਕਾਰਨ ਖ਼ਤਰਨਾਕ ਅਪਰਾਧੀ ਜੇਲ੍ਹ ਵਿਚੋਂ ਛੁੱਟ ਕੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਆਮ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
ਪੌਲੀਐਵ ਨੇ ਓਨਟਾਰੀਓ ਦੀ ਇੱਕ ਤਾਜ਼ਾ ਘਟਨਾ ਦਾ ਹਵਾਲਾ ਦੇ ਕੇ ਇਹ ਸਵਾਲ ਚੁੱਕੇ ਹਨ, ਜਿੱਥੇ ਵਿੰਡਸਰ ਵਿਚ ਇੱਕ 22 ਸਾਲਾ ਨੌਜਵਾਨ ਜਿਸ ਦਾ ਨਾਮ ਕਾਸਿਮ ਸਾਬੀ ਹੈ, ਉਸ 'ਤੇ ਦੋ ਨੌਜਵਾਨ ਲੜਕਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ।
ਇਹ ਮੁਲਜ਼ਮ ਪਹਿਲਾਂ ਵੀ ਅਜਿਹੇ ਹੀ ਇੱਕ ਅਪਰਾਧ ਦੇ ਮਾਮਲੇ ਵਿਚ ਫੜਿਆ ਗਿਆ ਸੀ ਪਰ ਕੋਰਟ ਵੱਲੋਂ ਮਿਲੀ ਸਖ਼ਤ ਜ਼ਮਾਨਤ 'ਤੇ ਬਾਹਰ ਰਹਿੰਦਿਆਂ ਉਸ ਨੇ ਫਿਰ ਤੋਂ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, 8 ਤੋਂ 10 ਸਾਲ ਦੇ ਦੋ ਲੜਕੇ ਆਪਣੇ ਇਲਾਕੇ ਵਿਚ ਖੇਡ ਰਹੇ ਸਨ, ਜਦੋਂ ਕਾਸਿਮ ਨੇ ਉਨ੍ਹਾਂ ਨਾਲ ਗਲ਼ਤ ਹਰਕਤ ਕੀਤੀ। ਪੌਲੀਐਵ ਨੇ ਕਿਹਾ ਕਿ ਕੈਨੇਡਾ ਵਿਚ catch-and-release ਦਾ ਇਹ ਸਿਲਸਿਲਾ ਤੁਰੰਤ ਬੰਦ ਹੋਣਾ ਚਾਹੀਦਾ ਹੈ।




