Jul 14, 2025 11:10 AM - The Canadian Press

ਕੈਨੇਡਾ ਅਮਰੀਕਾ ਬਾਰਡਰ ਨੇੜੇ ਵੀਕੈਂਡ 'ਤੇ ਪ੍ਰਵਾਸੀਆਂ ਨਾਲ ਭਰੀ ਇੱਕ ਐਸ.ਯੂ.ਵੀ.ਦੂਜੀ ਐਸ.ਯੂ.ਵੀ.ਨਾਲ ਟਕਰਾ ਕੇ ਪਲਟ ਗਈ।ਮਾਮਲਾ ਕਿਊਬੈਕ ਦੇ ਹੈਮਿੰਗਫੋਰਡ ਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਮਗਰੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦਾ ਇੱਕ ਗਰੁੱਪ ਫਰਾਰ ਹੈ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕਿਊਬੈਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਤੜਕੇ ਕਰੀਬ 4.15 ਵਜੇ ਨਿਊਯਾਰਕ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਪੈਂਦੇ ਰੂਟ 202 ਅਤੇ ਮੋਂਟੀ ਜੈਕਸਨ ਦੇ ਇੰਟਰਸੈਕਸ਼ਨ 'ਤੇ ਦੋ ਗੱਡੀਆਂ ਵਿਚ ਟੱਕਰ ਦੀ ਰਿਪੋਰਟ ਮਿਲੀ।
ਪੁਲਿਸ ਦਾ ਕਹਿਣਾ ਹੈ ਕਿ ਸੱਤ ਸਟੀਰ ਵਾਲੀ ਇੱਕ ਐਸ.ਯੂ.ਵੀ.ਵਿਚ 10 ਤੋਂ 12 ਗੈਰ-ਦਸਤਾਵੇਜ਼ੀ ਪ੍ਰਵਾਸੀ ਸਨ। ਉਨ੍ਹਾਂ ਵਿਚੋਂ ਚਾਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ,ਜਦੋਂ ਕਿ ਛੇ ਤੋਂ 8 ਮੌਕੇ ਤੋਂ ਭੱਜ ਗਏ। ਪੁਲਿਸ ਨੇ ਇੱਕ 48 ਸਾਲਾ ਅਮਰੀਕੀ ਡਰਾਈਵਰ ਨੂੰ ਖਰਾਬ ਡਰਾਈਵਿੰਗ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ।
ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਵਾਸੀ ਅਮਰੀਕਾ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਆਏ ਸਨ। ਦੱਸਿਆ ਜਾਂਦਾ ਹੈ ਕਿ ਹਾਦਸੇ ਵਿਚ ਸ਼ਾਮਲ ਸਾਰੇ ਲੋਕ ਹੋਸ਼ ਵਿਚ ਸਨ ਅਤੇ ਹਸਪਤਾਲ ਭੇਜੇ ਗਏ ਪ੍ਰਵਾਸੀਆਂ ਵਿਚ ਦੋ ਔਰਤਾਂ ਅਤੇ ਦੋ ਪੁਰਸ਼ ਸਨ।




