Jul 8, 2026 3:47 PM - Connect Newsroom - Jasmine Singh

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮੂਹ ਵੋਟਰਾਂ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ (SIR) ’ਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਬੈਂਗਲੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਭਰ ਕੇ ਵੋਟਰ ਸੂਚੀ ’ਚ ਆਪਣਾ ਨਾਮ ਸੁਰੱਖਿਅਤ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇੱਕ ਵਾਰ ਵੋਟਰ ਸੂਚੀ 'ਚੋਂ ਨਾਮ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਅਯੋਗ ਹੋ ਜਾਣਗੇ, ਜਿਨ੍ਹਾਂ ’ਚ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵੀ ਸ਼ਾਮਲ ਹੈ। ਦੱਸ ਦੇਈਏ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ ਸ਼ੁਰੂ ਕੀਤੀ ਗਈ SIR ਦੀ ਪ੍ਰਕਿਰਿਆ ਤਹਿਤ ਹਰ ਘਰ ਜਾ ਕੇ ਵਿਸ਼ੇਸ਼ ਸੁਧਾਈ ਦੀ ਮੁਹਿੰਮ ਤਹਿਤ ਸਰਵੇਖਣ ਕੀਤਾ ਜਾ ਰਿਹਾ ਹੈ।




