Dec 11, 2023 5:10 PM - The Canadian Press

ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਗ੍ਰੇਗ ਫਰਗਸ ਵਿਰੋਧੀਆਂ ਵੱਲੋਂ ਅਸਤੀਫੇ ਦੀ ਮੰਗ ਵਿਚਕਾਰ ਸੋਮਵਾਰ ਨੂੰ ਆਪਣੀ ਵਿਵਾਦਤ ਵੀਡੀਓ ਮਾਮਲੇ ਵਿੱਚ ਹਾਊਸ ਦੀ ਪ੍ਰੋਸੀਡਰ ਕਮੇਟੀ ਸਾਹਮਣੇ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਓਨਟੇਰੀਓ ਲਿਬਰਲ ਦੀ ਨਵੀਂ ਲੀਡਰਸ਼ਿਪ ਦੇ ਇਵੈਂਟ ਵਿੱਚ ਉਨ੍ਹਾਂ ਦੀ ਦਿਖਾਈ ਗਈ ਵੀਡੀਓ ਲਈ ਮਾਫੀ ਮੰਗੀ ਹੈ।
ਇਸ 105 ਸਕਿੰਟ ਦੀ ਵੀਡੀਓ ਵਿੱਚ ਫਰਗਸ ਨੇ ਸਪੀਕਰ ਦੇ ਚੈਂਬਰ ਤੋਂ ਓਨਟੇਰਿਓ ਲਿਬਰਲ ਪਾਰਟੀ ਦੇ ਅੰਤਰਿਮ ਲੀਡਰ ਤੇ ਆਪਣੇ ਪੁਰਾਣੇ ਮਿੱਤਰ ਜੌਨ ਫਰੇਜ਼ਰ ਦੀ ਵਿਦਾਇਗੀ ਮੌਕੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਦੌਰਾਨ ਉਹ ਸਪੀਕਰ ਦੀ ਪੁਸ਼ਾਕ ਵਿੱਚ ਵੀ ਸਨ, ਜਿਸ ਨੂੰ ਲੈ ਕੇ ਕੰਜ਼ਰਵੇਟਿਵ ਅਤੇ ਬਲਾਕ ਕਿਊਬੈਕਵਾ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਅੱਜ ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਪੇਸ਼ ਹੋਏ ਫਰਗਸ ਨੇ ਕਿਹਾ "ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ। ਮੈਂ ਮੰਨਦਾ ਹਾਂ ਕਿ ਮੈਂ ਗਲਤੀ ਕੀਤੀ, ਇਹ ਦੁਬਾਰਾ ਨਹੀਂ ਹੋਵੇਗੀ।"
ਗੌਰਤਲਬ ਹੈ ਕਿ ਫਰਗਸ ਸਾਬਕਾ ਸਪੀਕਰ ਐਂਥਨੀ ਰੋਟਾ ਦੀ ਜਗ੍ਹਾ ਅਕਤੂਬਰ ਦੇ ਸ਼ੁਰੂ ਵਿੱਚ ਸਪੀਕਰ ਚੁਣੇ ਗਏ ਸਨ। ਰੋਟਾ ਨੂੰ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਦੇ ਭਾਸ਼ਣ ਵਾਲੇ ਦਿਨ ਹਿਟਲਰ ਦੀ ਫੌਜ ਵੱਲੋਂ ਲੜਨ ਵਾਲੇ ਇੱਕ ਸਾਬਕਾ ਸੈਨਿਕ ਨੂੰ ਸਨਮਾਨਿਤ ਕੀਤੇ ਜਾਣ ਕਾਰਨ ਅਸਤੀਫਾ ਦੇਣਾ ਪਿਆ ਸੀ।




