Jan 12, 2021 8:31 PM -

ਔਂਟੈਰੀਓ ਸਰਕਾਰ ਨੇ ਸੂਬੇ ਦੇ ਨਾਗਰਿਕਾਂ ਲਈ 'ਸਟੇਅ ਐਟ ਹੋਮ' ਯਾਨੀ ਕਿ ਘਰ ਵਿੱਚ ਹੀ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਨਿਰਦੇਸ਼ ਅੱਜ ਮੱਧ-ਰਾਤ ਯਾਨੀ ਕਿ ਬੁੱਧਵਾਰ ਤੜਕੇ 12.01 ਮਿੰਟ ਤੋਂ ਲਾਗੂ ਹੋ ਜਾਣਗੇ।
ਹਾਲਾਂਕਿ ਇਸ 'ਚ ਕੁਝ ਢਿੱਲ ਜ਼ਰੂਰ ਹੋਵੇਗੀ ਜਿਸ ਦੌਰਾਨ ਹੈਲਥ ਕੇਅਰ, ਗਰੋਸਰੀ ਸ਼ੌਪਿੰਗ ਜਿਹੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾ ਸਕਣਗੀਆਂ।
ਸੂਬੇ ਦੇ ਪ੍ਰੀਮਿਅਰ ਡਗ ਫੋਰਡ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਸੂਬੇ 'ਚ 'ਸਟੇਟ ਆਫ ਐਮਰਜੈਂਸੀ' ਵੀ ਐਲਾਨੀ ਜਾ ਰਹੀ ਹੈ।
ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਇਹ ਫੈਸਲਾ ਲਿਆ ਗਿਆ ਹੈ।
ਔਂਟੈਰੀਓ 'ਚ ਨਵੇਂ ਮਾਡਲਿੰਗ ਡਾਟਾ 'ਚ ਪ੍ਰੇਸ਼ਾਨ ਕਰਨ ਵਾਲੇ ਖੁਲਾਸੇ
ਅੱਜ ਔਂਟੈਰੀਓ 'ਚ ਕੋਵਿਡ-19 ਮਾਡਲਿੰਗ ਸੰਬੰਧੀ ਨਵੇਂ ਅੰਕੜੇ ਪੇਸ਼ ਕੀਤੇ ਗਏ ਹਨ।
ਇਸ 'ਚ ਦਰਸ਼ਾਇਆ ਗਿਆ ਹੈ ਕਿ ਔਂਟੈਰੀਓ ਦੇ ਹੈਲਥ ਸਿਸਟਮ 'ਤੇ ਜਲਦੀ ਹੀ ਵਾਇਰਸ ਸੰਬੰਧੀ ਮਾਮਲਿਆਂ ਦਾ ਵਧੇਰੇ ਭਾਰ ਪੈ ਸਕਦਾ ਹੈ।
ਪ੍ਰੋਜੈਕਸ਼ਨਸ 'ਚ ਦੱਸਿਆ ਗਿਆ ਹੈ ਕਿ ਫਰਵਰੀ ਦੇ ਅੰਤ ਤੱਕ ਕੋਵਿਡ-19 ਸੰਬੰਧੀ ਮੌਤਾਂ ਦੀ ਗਿਣਤੀ ਹਰ ਰੋਜ਼ 50 ਤੋਂ 100 ਦੇ ਦਰਮਿਆਨ ਤੱਕ ਵਧਣ ਦੇ ਆਸਾਰ ਹਨ।
ਫਰਵਰੀ ਤੱਕ ਆਈ.ਸੀ.ਯੂ. 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 1,000 ਦੇ ਪਾਰ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ।




