Oct 23, 2025 1:16 PM - Connect Newsroom

ਬੀ.ਸੀ.ਦੇ ਤੱਟਵਰਤੀ ਅਤੇ ਕੇਂਦਰੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਹਫ਼ਤੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਪੇਸ਼ਨੀਗੋਈ ਕੀਤੀ ਗਈ ਹੈ। ਸਰਕਾਰ ਦੇ ਐਮਰਜੈਂਸੀ ਮੈਨੇਜਮੈਂਟ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਵੀਰਵਾਰ ਤੋਂ ਤੱਟਵਰਤੀ ਖੇਤਰਾਂ ਵਿਚ ਤੂਫ਼ਾਨੀ ਮੌਸਮ ਦੀ ਸ਼ੁਰੂਆਤ ਹੋ ਰਹੀ ਹੈ,ਜਿਸ ਨਾਲ ਬਿਜਲੀ ਬੰਦ ਹੋਣ ਅਤੇ ਸਥਾਨਕ ਪੱਧਰ ‘ਤੇ ਹੜ੍ਹ ਆਉਣ ਦੀ ਸੰਭਾਵਨਾ ਹੈ।
ਕੇਂਦਰੀ ਅਤੇ ਉੱਤਰੀ ਤੱਟ ਦੇ ਨਾਲ-ਨਾਲ ਅੰਦਰੂਨੀ ਉੱਤਰੀ ਖੇਤਰ ਵਿਚ ਵੀ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ,ਜਿੱਥੇ 80 ਤੋਂ 100 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ। ਇਨਵਾਇਰਮੈਂਟ ਕੈਨੇਡਾ ਨੇ ਉੱਤਰੀ ਵੈਨਕੂਵਰ ਆਈਲੈਂਡ ਅਤੇ ਹੈਡਾ ਗਵਾਈ ਸਮੇਤ ਸੈਂਟਰਲ ਇੰਟੀਰੀਅਰ ਦੇ ਵੱਡੇ ਹਿੱਸੇ ਲਈ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ,ਜਿੱਥੇ 90 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਝੱਖੜ ਚੱਲਣ ਦੀ ਸੰਭਾਵਨਾ ਹੈ।
ਬੀ.ਸੀ. ਦੇ ਰਿਵਰ ਫੋਰਕਾਸਟ ਸੈਂਟਰ ਮੁਤਾਬਕ, ਤੂਫਾਨ ਪ੍ਰਣਾਲੀ ਸ਼ੁੱਕਰਵਾਰ ਨੂੰ ਸਾਊਥ ਹਿੱਸੇ ਵੱਲ ਵਧਣ ਦੀ ਉਮੀਦ ਹੈ, ਜਿਸ ਨਾਲ ਦੱਖਣੀ ਵੈਨਕੂਵਰ ਆਈਲੈਂਡ, ਸਨਸ਼ਾਈਨ ਕੋਸਟ,ਲੋਅਰ ਮੇਨਲੈਂਡ, ਅਤੇ ਸੀ-ਟੂ-ਸਕਾਈ ਖੇਤਰ ਪ੍ਰਭਾਵਿਤ ਹੋ ਸਕਦੇ ਹਨ।




