Sep 1, 2026 5:12 PM - Connect Newsroom - Jasmine Singh

ਕੋਕੁਇਟਲਮ ਵਿਚ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇਹ ਘਟਨਾ ਸ਼ਨੀਵਾਰ ਨੂੰ ਰਾਤ ਸਮੇਂ ਵਾਪਰੀ। ਹਾਲਾਂਕਿ, ਸ਼ੂਟਿੰਗ ਦੇ ਅਸਲ ਕਾਰਨਾਂ ਅਤੇ ਮਕਸਦ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਨੇ ਜਾਂਚ ਦੀ ਗੁਪਤਤਾ ਬਣਾਈ ਰੱਖਣ ਲਈ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਹੋਇਆ ਜਾਂ ਨਹੀਂ।
ਕੋਕੁਇਟਲਮ ਆਰ.ਸੀ.ਐਮ.ਪੀ. ਮੁਤਾਬਕ, ਵਾਰਦਾਤ ਨੂੰ ਸ਼ਹਿਰ ਦੀ ਸਕੂਲਹਾਊਸ ਸਟ੍ਰੀਟ ਦੇ 100 ਬਲਾਕ ਵਿਚ 29 ਅਗਸਤ ਨੂੰ ਰਾਤ ਕੋਈ 7 ਵਜੇ ਤੋਂ 9 ਵਜੇ ਵਿਚਕਾਰ ਅੰਜ਼ਾਮ ਦਿੱਤਾ ਗਿਆ ਅਤੇ ਉਸ ਸਮੇਂ ਇਸ ਬਲੌਕ ਵਿਚ ਜੋ ਵਾਹਨ ਲੰਘੇ ਜਾਂ ਜਿਨ੍ਹਾਂ ਨੇ ਉਥੇ ਗੱਡੀਆਂ ਪਾਰਕ ਕੀਤੀਆਂ ਸਨ, ਪੁਲਿਸ ਨੇ ਉਨ੍ਹਾਂ ਨੂੰ ਡੈਸ਼ਕੈਮ ਫੁਟੇਜ ਚੈੱਕ ਕਰਨ ਦੀ ਅਪੀਲ ਕੀਤੀ ਹੈ।
ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਭਾਵੇਂ ਕੋਈ ਵੀਡੀਓ ਆਮ ਜਾਂ ਗੈਰ-ਸੰਬੰਧਿਤ ਲੱਗਦੀ ਹੋਵੇ ਫਿਰ ਵੀ ਉਸ ਵਿਚ ਜਾਂਚ ਲਈ ਕੋਈ ਮਹੱਤਵਪੂਰਨ ਸੁਰਾਗ ਲੁਕਿਆ ਹੋ ਸਕਦਾ ਹੈ। ਇਨਵੈਸਟੀਗੇਟਰਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਵੀ ਕੋਈ ਵੀਡੀਓ ਜਾਂ ਜਾਣਕਾਰੀ ਹੈ ਤਾਂ ਉਹ ਜਾਂਚ ਵਿਚ ਸਹਿਯੋਗ ਲਈ ਕੋਕੁਇਟਲਮ ਆਰ.ਸੀ.ਐਮ.ਪੀ. ਨਾਲ ਸੰਪਰਕ ਕਰ ਸਕਦਾ ਹੈ।




