Dec 2, 2024 7:19 PM - The Canadian Press
ਵੈਨਕੂਵਰ ਵਿਚ ਟੇਲਰ ਸਵਿਫਟ ਦੇ ਹੋਣ ਵਾਲੇ ਤਿੰਨ ਸਮਾਰੋਹ ਤੋਂ ਪਹਿਲਾਂ ਬੀ. ਸੀ. ਦੇ ਬਿਹਤਰ ਕਾਰੋਬਾਰੀ ਬਿਊਰੋ ਨੇ ਲੋਕਾਂ ਲਈ ਟਿਕਟ ਘੁਟਾਲੇ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਸੋਸ਼ਲ ਮੀਡੀਆ ’ਤੇ ਹਾਲ ਹੀ ਵਿਚ ਇਸ ਤਰ੍ਹਾਂ ਦੀ ਧੋਖਾਧੜੀ ਹੋਈ ਹੈ। ਟੋਰਾਂਟੋ ਵਿਚ ਪੁਲਿਸ ਨੇ ਪਿਛਲੇ ਮਹੀਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਸ਼ਹਿਰ ਵਿਚ ਟੇਲਰ ਸਵਿਫਟ ਦੇ ਸਮਾਰੋਹ ਤੋਂ ਪਹਿਲਾਂ $70,000 ਦੀਆਂ ਨਕਲੀ ਟਿਕਟਾਂ ਵੇਚੀਆਂ ਸਨ।
ਗੌਰਤਲਬ ਹੈ ਕਿ ਅਮਰੀਕਨ ਸੁਪਰਸਟਾਰ ਟੇਲਰ ਸਵਿਫਟ ਇਸ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਬੀ.ਸੀ. ਪਲੇਸ ਸਟੇਡੀਅਮ ਵਿਚ ਹੋਵੇਗੀ। ਸਟੇਡੀਅਮ ਦੇ ਆਸਪਾਸ ਇਲਾਕੇ ਵਿਚ ਵੀ ਸਿਰਫ ਟਿਕਟ ਹੋਲਡਰ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ।
ਇਸ ਕੰਸਰਟ ਲਈ 250,000 ਫੈਨਜ਼ ਵੈਨਕੂਵਰ ਆਉਣ ਦੀ ਉਮੀਦ ਹੈ। ਇਸ ਨਾਲ ਲੋਕਲ ਆਰਥਿਕਤਾ ਨੂੰ $157 ਮਿਲੀਅਨ ਦਾ ਫਾਇਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।