Dec 29, 2023 5:03 PM - Connect News
ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਐਲਾਨੇ ਗਏ ਨਵੇਂ ਨਿਯਮ ਜਨਵਰੀ ਤੋਂ ਲਾਗੂ ਹੋਣ ਜਾ ਰਹੇ ਹਨ, ਜਿਸ ਤਹਿਤ 1 ਜਨਵਰੀ 2024 ਤੋਂ ਸਟੱਡੀ ਪਰਮਿਟ ਹਾਸਿਲ ਕਰਨ ਲਈ $20,635 ਦਾ ਫੰਡ ਸ਼ੋਅ ਕਰਨ ਦੀ ਜ਼ਰੂਰਤ ਹੋਵੇਗੀ, ਜੋ ਲੰਮੇ ਸਮੇਂ ਤੋਂ $10,000 ਸੀ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਸਬੰਰ ਦੇ ਸ਼ੁਰੂ ਵਿੱਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੋ ਸੂਬੇ ਵਿਦਿਆਰਥੀਆਂ ਦੀ ਰਿਹਾਇਸ਼ ਲਈ ਮਦਦ ਨਹੀਂ ਕਰਦੇ ਉਹਨਾਂ ਸੂਬਿਆਂ ਵਿੱਚ ਵੀਜ਼ਾ 'ਤੇ ਕੈਪ ਲਗਾਈ ਜਾ ਸਕਦੀ ਹੈ। ਉੱਥੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਜੋ ਮੌਜੂਦਾ ਸਮੇਂ ਕੈਨੇਡਾ ਵਿੱਚ ਹਨ ਉਨ੍ਹਾਂ ਲਈ ਹਰ ਹਫ਼ਤੇ 20 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ 30 ਅਪ੍ਰੈਲ 2024 ਤੱਕ ਵਧਾਈ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਜੋ ਵਿਦਿਆਰਥੀ 7 ਦਸੰਬਰ ਤੱਕ ਸਟੱਡੀ ਪਰਮਿਟ ਲਈ ਅਰਜ਼ੀ ਸਬਮਿਟ ਕਰ ਚੁੱਕੇ ਸਨ ਉਹ ਵੀ 20 ਘੰਟਿਆਂ ਤੋਂ ਵੱਧ ਕੰਮ ਕਰਨ ਲਈ ਯੋਗ ਹੋਣਗੇ। ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਕਿ ਛੋਟ ਦੀ ਮਿਆਦ ਖਤਮ ਹੋਣ 'ਤੇ ਹਫ਼ਤੇ ਵਿੱਚ ਕੰਮ ਕਰਨ ਦੇ ਘੰਟੇ ਵਧਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਕਿਹਾ ਕਿ ਜੇ ਹਫ਼ਤੇ ਵਿੱਚ 40 ਘੰਟੇ ਕੰਮ ਕਰਨ ਦੀ ਛੋਟ ਦਿੱਤੀ ਜਾਂਦੀ ਹੈ ਤਾਂ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦਾ ਕਾਰਨ ਮਿਲੇਗਾ ਅਤੇ ਉਹ ਪੜ੍ਹਾਈ 'ਤੇ ਧਿਆਨ ਨਹੀਂ ਦੇਣਗੇ।
ਗੌਰਤਲਬ ਹੈ ਕਿ ਕੈਨੇਡਾ ਵਿੱਚ ਵਧੇ ਹੋਏ ਰਹਿਣ ਸਹਿਣ ਦੇ ਖਰਚ ਨੂੰ ਦੇਖਦੇ ਹੋਏ ਸਰਕਾਰ ਨੇ ਫੰਡ ਸ਼ੋਅ ਕਰਨ ਦੀ ਲਿਮਟ ਵਧਾਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਇੱਥੇ ਪਹੁੰਚ ਕੇ ਰਹਿਣ ਵਿੱਚ ਮੁਸ਼ਕਲ ਨਾ ਹੋਵੇ।