Aug 28, 2025 7:48 PM - Connect Newsroom

ਬੀ.ਸੀ. ਹਾਈਵੇਅ ਪੈਟਰੋਲ ਨੇ ਇੱਕ ਦੁਖ਼ਦ ਹਿੱਟ-ਐਂਡ-ਰਨ ਦੀ ਘਟਨਾ ਦੇ ਸਬੰਧ ਵਿਚ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ 30 ਅਗਸਤ 2024 ਨੂੰ 24 ਸਾਲਾ ਬੱਡੀ ਰੋਡਜ਼ ਦੀ ਲਾਸ਼ ਮੈਰਿਟ ਵਿਚ ਐਗਜ਼ਿਟ 286 ਦੇ ਨੇੜੇ ਕੋਕੀਹਾਲਾ ਹਾਈਵੇਅ ਦੇ ਕਿਨਾਰੇ ਮਿਲੀ ਸੀ ਅਤੇ ਉਸ ਨੂੰ ਟੱਕਰ ਮਾਰਨ ਵਾਲੀ ਗੱਡੀ ਅਤੇ ਡਰਾਈਵਰ ਦਾ ਪਤਾ ਨਹੀਂ ਲੱਗ ਸਕਿਆ ਹੈ।
ਰੋਡਜ਼ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ 'ਤੇ ਉਸ ਦੀ ਭੈਣ ਐਲਿਕਸ ਲੇਗੋਫ਼ ਨੇ ਵੀ ਭਾਵੁਕ ਹੁੰਦਿਆਂ ਸੰਭਾਵਿਤ ਗਵਾਹ ਨੂੰ ਅੱਗੇ ਆਉਣ ਲਈ ਇੱਕ ਵੀਡੀਓ ਅਪੀਲ ਜਾਰੀ ਕੀਤੀ ਹੈ ਜੋ ਜਾਂਚ ਨੂੰ ਅੱਗੇ ਵਧਾਉਣ ਵਿਚ ਮਦਦ ਕਰ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਰੋਡਜ਼ ਉਸ ਦਿਨ ਜਾਂ ਤਾਂ ਸੜਕ ਦੇ ਕਿਨਾਰੇ ਖੜ੍ਹਾ ਸੀ ਜਾਂ ਚੱਲ ਰਿਹਾ ਸੀ ਜਦੋਂ ਸਾਊਥ ਦਿਸ਼ਾ ਵਿਚ ਜਾ ਰਹੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, 6 ਦਿਨਾਂ ਤੱਕ ਰੋਡਜ਼ ਬਾਰੇ ਪਤਾ ਨਹੀਂ ਚੱਲਿਆ ਸੀ। ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਪਤਾ ਹੋਵੇ ਤਾਂ ਉਹ ਬੀ.ਸੀ. ਹਾਈਵੇਅ ਪੈਟਰੋਲ-ਮੈਰਿਟ ਨਾਲ ਸੰਪਰਕ ਕਰ ਸਕਦਾ ਹੈ।




