Sep 4, 2026 1:37 PM - - Connect Newsroom - Ramandeep Kaur with files from The Canadian Press

ਟੋਰੌਂਟੋ ਦੇ ਡਾਊਨਟਾਊਨ ਵਿਚ ਦੋ ਵੱਖ-ਵੱਖ ਥਾਵਾਂ 'ਤੇ ਸਿੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਭਰੇ ਹਮਲਿਆਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 32 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਇਹ ਘਟਨਾਵਾਂ ਪਿਛਲੇ ਹਫ਼ਤੇ ਵੀਰਵਾਰ ਯਾਨੀ 29 ਅਗਸਤ ਨੂੰ ਵਾਪਰੀਆਂ ਸਨ, ਜਿੱਥੇ ਮੁਲਜ਼ਮ ਲਕਸ਼ਿਤਾ Arakmullage ਨੇ ਪਹਿਲਾਂ ਯੂਨੀਅਨ ਸਟੇਸ਼ਨ ਵਿਖੇ ਇੱਕ ਸਿੱਖ ਵਿਅਕਤੀ ਨੂੰ ਨਿਸ਼ਾਨਾ ਬਣਾਇਆ, ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਅਤੇ ਚਾਕੂ ਨਾਲ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ।
ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਪੀੜਤ ਨੂੰ ਕੋਈ ਸੱਟ ਨਹੀਂ ਲੱਗੀ। ਇਸ ਤੋਂ ਲਗਭਗ ਇੱਕ ਘੰਟੇ ਬਾਅਦ ਮੁਲਜ਼ਮ ਨੇ ਕਵੀਨਜ਼ ਕਵੇ ਵੈਸਟ ਅਤੇ ਲੋਅਰ ਸਪੈਡੀਨਾ ਐਵੇਨਿਊ ਨੇੜੇ ਬਿਨਾਂ ਕਿਸੇ ਉਕਸਾਵੇ ਦੇ ਦੋ ਹੋਰ ਸਿੱਖ ਵਿਅਕਤੀ ਖਿਲਾਫ਼ ਮੰਦੇ ਬੋਲ ਬੋਲਦਿਆਂ ਇੱਕ ਪੀੜਤ ਦੀ ਲੱਤ 'ਤੇ ਚਾਕੂ ਮਾਰ ਦਿੱਤਾ ਸੀ।
ਟੋਰੌਂਟੋ ਪੁਲਿਸ ਸਰਵਿਸ ਦੀ ਹੇਟ ਕਰਾਈਮ ਯੂਨਿਟ ਵੱਲੋਂ ਕੀਤੀ ਗਈ ਜਾਂਚ ਮਗਰੋਂ ਮੁਲਜ਼ਮ Lakshitha Arakmullage 'ਤੇ ਨਫ਼ਰਤ ਤੋਂ ਪ੍ਰੇਰਿਤ ਕ੍ਰਾਈਮ ਦੇ ਸਬੰਧ ਵਿਚ ਹਥਿਆਰ ਨਾਲ ਹਮਲਾ ਕਰਨ ਸਮੇਤ ਕੁੱਲ 9 ਚਾਰਜਿਜ਼ ਲਗਾਏ ਗਏ ਹਨ। ਪੁਲਿਸ ਮੁਤਾਬਕ, ਮੁਲਜ਼ਮ ਟੋਰੌਂਟੋ ਦਾ ਹੀ ਰਹਿਣ ਵਾਲਾ ਹੈ।




