Aug 18, 2020 3:30 PM -

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਹੁਣ ਦੇਸ਼ ਦੀ ਨਵੀਂ ਵਿੱਤ ਮੰਤਰੀ ਵੀ ਬਣ ਗਏ ਹਨ।
ਉਨ੍ਹਾਂ ਨੂੰ ਰਿਡੋ ਹਾਲ ਵਿਖੇ ਸਮਾਗਮ ਦੌਰਾਨ ਨਵੇਂ ਵਿੱਤ ਮੰਤਰੀ ਵਜੋਂ ਅਧਿਕਾਰਿਤ ਤੌਰ ਤੇ ਸਥਾਪਿਤ ਕੀਤਾ ਗਿਆ ਹੈ।
ਦੇਸ਼ ਵਿਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਔਰਤ ਹਨ।
ਹੁਣ ਤੱਕ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਸਾਂਭਿਆ ਜਾਣ ਵਾਲਾ ਇੰਟਰਗਵਰਨਮੈਂਟਲ ਅਫੇਅਰਜ਼ ਦਾ ਵਿਭਾਗ, ਡੌਮਿਨਿਕ ਲੌਬਲੌ ਵੱਲੋਂ ਸਾਂਭ ਲਿਆ ਗਿਆ ਹੈ।
ਯਾਦ ਰਹੇ ਸੋਮਵਾਰ ਨੂੰ ਬਿਲ ਮੌਰਨੋ ਵੱਲੋਂ ਵਿੱਤ ਮੰਤਰੀ ਅਤੇ ਟੋਰੌਂਟੋ ਸੈਂਟਰ ਦੇ ਐਮ.ਪੀ. ਵਜੋਂ ਇਸਤੀਫਾ ਦੇ ਦਿੱਤਾ ਗਿਆ ਸੀ।
ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕ੍ਰਿਸਟੀਆ ਫਰੀਲੈਂਡ ਨੇ ਕੋਵਿਡ-19 ਦੌਰਾਨ ਚੁੱਕੇ ਜਾ ਰਹੇ ਕਦਮਾਂ ਦੀ ਵੀ ਗੱਲਬਾਤ ਕੀਤੀ।
ਟਰੂਡੋ ਸਰਕਾਰ ਵੱਲੋਂ ਪਾਰਲੀਮੈਂਟ ਨੂੰ ਪਰੋਰੋਗ ਕਰ ਦਿੱਤਾ ਗਿਆ ਹੈ।
ਹੁਣ 23 ਸਿਤੰਬਰ ਨੂੰ ਹਾਊਸ ਆਫ ਕਾਮਨਜ਼ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਥਰੋਨ ਸਪੀਚ ਨਾਲ ਹੋਵੇਗੀ ਅਤੇ ਨਵਾਂ ਬਜਟ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਰੋਰੋਗ ਦੌਰਾਨ ਮੈਂਬਰਾਂ ਨੂੰ ਉਨ੍ਹਾਂ ਦੀਆਂ ਪਾਰਲੀਮੈਂਟਰੀ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ।
ਸਾਰੇ ਅਧੂਰੇ ਕੰਮਾਂ ਨੂੰ ਵਿਚਾਲੇ ਛੱਡ ਦਿੱਤਾ ਜਾਂਦਾ ਹੈ, ਅਤੇ ਕਮੇਟੀਆਂ ਆਪਣੇ ਕਾਰੋਬਾਰ ਜਾਰੀ ਰੱਖਣ ਦੀਆਂ ਸ਼ਕਤੀਆਂ ਗੁਆ ਦਿੰਦੀਆਂ ਹਨ।




