Nov 27, 2024 12:31 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅੱਜ ਸ਼ਾਮ ਕੈਨੇਡਾ ਭਰ ਦੇ ਪ੍ਰੀਮੀਅਰਾਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਟਰੰਪ ਦੇ ਪ੍ਰਸਤਾਵਿਤ ਟੈਰਿਫ ਅਤੇ ਕੈਨੇਡਾ-ਅਮਰੀਕਾ ਦੇ ਆਗਾਮੀ ਸਬੰਧਾਂ ’ਤੇ ਚਰਚਾ ਹੋਵੇਗੀ। ਪੀ. ਐੱਮ. ਟਰੂਡੋ ਅਤੇ ਪ੍ਰੀਮੀਅਰਾਂ ਵਿਚਕਾਰ ਇਹ ਮੀਟਿੰਗ ਸ਼ਾਮ ਪੰਜ ਵਜੇ ਆਨਲਾਈਨ ਹੋਵੇਗੀ।
ਟਰੰਪ ਨੇ ਸਰਹੱਦਪਾਰੋਂ ਗੈਰ-ਕਾਨੂੰਨੀ ਪ੍ਰਵਾਸ ਅਤੇ ਡਰੱਗ ਤਸਕਰੀ ਦਾ ਹਵਾਲਾ ਦਿੰਦੇ ਕੈਨੇਡਾ-ਮੈਕਸੀਕੋ ਤੋਂ ਆਉਣ ਵਾਲੇ ਹਰ ਮਾਲ ’ਤੇ 25 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ 20 ਜਨਵਰੀ ਨੂੰ ਅਹੁਦਾ ਸੰਭਾਲਦੇ ਹੀ ਉਹ ਇਸ ਟੈਰਿਫ ’ਤੇ ਮੋਹਰ ਲਗਾਉਣਗੇ।
ਟਰੰਪ ਨੇ ਸੋਮਵਾਰ ਰਾਤ ਸੋਸ਼ਲ ਮੀਡੀਆ ਪੋਸਟ ਵਿਚ ਘੋਸ਼ਣਾ ਕੀਤੀ ਸੀ ਕਿ ਉਹ ਉਦੋਂ ਤੱਕ ਟੈਰਿਫ ਲਾਗੂ ਰੱਖਣਗੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਗੈਰ-ਕਾਨੂੰਨੀ ਸਰਹੱਦੀ ਲਾਂਘੇ ਨੂੰ ਬੰਦ ਨਹੀਂ ਕਰ ਦਿੰਦੇ ਅਤੇ ਫੈਂਟਾਨਾਇਲ ਵਰਗੇ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਂਦਾ।
ਕੈਨੇਡੀਅਨ ਸੰਸਦ ਵਿਚ ਮੰਗਲਵਾਰ ਰਾਤ ਇਸ ਮੁੱਦੇ ’ਤੇ ਐਮਰਜੈਂਸੀ ਡਿਬੇਟ ਵੀ ਹੋਈ, ਜਿਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਏਜੰਸੀਆਂ ਚੀਨ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਫੈਂਟਾਨਾਇਲ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਉਥੇ ਹੀ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰੇ ਨੇ ਕਿਹਾ ਕਿ ਟਰੂਡੋ ਨੂੰ ਪਹਿਲਾਂ ਹੀ ਬਿਹਤਰ ਤਿਆਰੀ ਕਰਨੀ ਚਾਹੀਦੀ ਸੀ। ਐਨ.ਡੀ.ਪੀ. ਨੇ ਸਰਕਾਰ ਨੂੰ ਅਮਰੀਕਾ ਤੋਂ ਇਲਾਵਾ ਵੀ ਹੋਰ ਬਾਜ਼ਾਰ ਤਲਾਸ਼ਣ ਦੀ ਨਸੀਹਤ ਦਿੱਤੀ।




