Nov 26, 2024 6:43 PM - Connect Newsroom
ਕੈਨੇਡਾ ਲਈ ਵੱਡਾ ਝਟਕਾ ਹੈ, ਡੋਨਲਡ ਟਰੰਪ ਨੇ ਨਵੇਂ ਸਾਲ ਵਿਚ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਕੈਨੇਡਾ ਅਤੇ ਮੈਕਸੀਕੋ ਤੋਂ ਸਾਰੇ ਤਰ੍ਹਾਂ ਦੇ ਇੰਪੋਰਟਸ ’ਤੇ 25 ਫੀਸਦੀ ਟੈਰਿਫ ਲਗਾਉਣ ਦੀ ਘੋਸ਼ਣਾ ਕੀਤੀ ਹੈ। ਟਰੰਪ ਦੇ ਇਸ ਕਦਮ ਨਾਲ ਕੈਨੇਡੀਅਨ ਕਾਰੋਬਾਰਾਂ, ਨੌਕਰੀਆਂ ਅਤੇ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2023 ਵਿਚ ਕੈਨੇਡਾ ਦਾ ਅਮਰੀਕਾ ਨੂੰ ਨਿਰਯਾਤ $593 ਬਿਲੀਅਨ ਦਾ ਰਿਹਾ ਹੈ ਜੋ ਕੈਨੇਡਾ ਦੇ ਕੁੱਲ ਨਿਰਯਾਤ ਦੇ 77 ਫੀਸਦੀ ਤੋਂ ਵੀ ਜ਼ਿਆਦਾ ਸੀ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ, ਮੈਕਸੀਕੋ ’ਤੇ ਟੈਰਿਫ ਉਦੋਂ ਤੋਂ ਲਾਗੂ ਰਹਿਣਗੇ ਜਦੋਂ ਤੱਕ ਇਹ ਅਮਰੀਕਾ ਵਿਚ ਹੋਣ ਵਾਲੇ ਗੈਰ-ਕਾਨੂੰਨੀ ਪ੍ਰਵਾਸ ਅਤੇ ਡਰੱਗ ਤੱਸਕਰੀ ’ਤੇ ਲਗਾਮ ਨਹੀਂ ਲਗਾ ਲੈਂਦੇ।
ਟਰੰਪ ਵਲੋਂ ਟੈਰਿਫ ਦੀ ਧਮਕੀ ਦੇਣ ਤੋਂ ਬਾਅਦ ਕੈਨੇਡੀਅਨ ਡਾਲਰ ਵਿਚ ਸਾਢੇ 4 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਬਾਅਦ ਵਿਚ ਇਸ ਵਿਚ ਕੁਝ ਰਿਕਵਰੀ ਆਈ। ਚੀਨ ਦੀ ਕਰੰਸੀ ਵਿਚ ਵੀ ਕਮਜ਼ੋਰੀ ਆਈ, ਕਿਉਂਕਿ ਟਰੰਪ ਨੇ ਚੀਨ ਤੋਂ ਅਮਰੀਕਾ ਵਿਚ ਆਉਣ ਵਾਲੇ ਮਾਲ ’ਤੇ 35 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਗੌਰਤਲਬ ਹੈ ਕਿ ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਇਰ ਵੀ ਹੈ, ਟੈਰਿਫ ਨਾਲ ਇਸ ਸੈਕਟਰ ਦੀਆਂ ਚੁਣੈਤੀਆਂ ਵਿਚ ਵੀ ਵਾਧਾ ਹੋਵੇਗਾ।