Aug 25, 2026 1:54 PM - Connect Newsroom - Ramandeep Kaur with files from The Canadian Press

ਕੈਨੇਡਾ ਨਾਲ ਟਰੇਡ ਵਾਰ ਵਧਣ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅਮਰੀਕਾ ਹੁਣ ਓਨਟਾਰੀਓ ਨਾਲ ਜ਼ਿਆਦਾ ਵਪਾਰ ਕਰਨ ਦੀ ਉਮੀਦ ਨਹੀਂ ਰੱਖਦਾ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਲੇਕ ਓਨਟਾਰੀਓ, ਉੱਤਰੀ ਅਮਰੀਕਾ ਦੀਆਂ 5 ਤਾਜ਼ੇ ਪਾਣੀ ਦੀਆਂ ਝੀਲਾਂ ਵਿਚੋਂ ਇੱਕ ਹੈ। ਇਹ ਪੰਜੇ ਝੀਲਾਂ ਦੁਨੀਆ ਦੇ ਤਾਜ਼ੇ ਪਾਣੀ ਦੀਆਂ ਝੀਲਾਂ ਦਾ ਪੰਜਵਾਂ ਹਿੱਸਾ ਹੋਲਡ ਕਰਦੀਆਂ ਹਨ। ਇਨ੍ਹਾਂ ਵਿਚੋਂ ਸਿਰਫ Michigan ਇੱਕੋ-ਇੱਕ ਲੇਕ ਹੈ ਜੋ ਕੈਨੇਡਾ ਦੀ ਸਰਹੱਦ ਨਾਲ ਨਹੀਂ ਲੱਗਦੀ। ਟਰੰਪ ਨੇ ਕਿਹਾ ਕਿ ਉਹ ਲੇਕ ਓਨਟਾਰੀਓ ਦਾ ਨਾਮ ਬਦਲਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।
ਗੌਰਤਲਬ ਹੈ ਕਿ ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਨਵੇਂ ਸਾਲ ਤੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ-ਛੋਟੀਆਂ ਵੱਡੀਆਂ ਕਾਰਾਂ 'ਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦੀ ਧਮਕੀ ਦਿੱਤੀ ਸੀ, ਜਿਸ 'ਤੇ ਪ੍ਰਤੀਕਿਰਆ ਦਿੰਦਿਆਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਟਰੰਪ ਨੂੰ ਤਾਨਾਸ਼ਾਹ ਦੱਸਿਆ ਸੀ ਅਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਹੋ-ਜਿਹੇ bully ਰਾਸ਼ਟਰਪਤੀ ਨੂੰ ਮੂੰਹ ਨਹੀਂ ਲਾਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਇਹ ਬੰਦਾ ਪਸੰਦ ਹੈ।




