Oct 27, 2026 6:38 PM - Connect Newsroom - Ramandeep Kaur with files from The Canadian Press

ਵੈਨਕੂਵਰ ਵਿਚ ਇੱਕ 45 ਸਾਲਾ ਔਰਤ ਦੀ ਸੜਕ ਪਾਰ ਕਰਦੇ ਸਮੇਂ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਅਨੁਸਾਰ, ਇਹ ਘਟਨਾ ਮੇਨ ਸਟ੍ਰੀਟ ਅਤੇ ਨੈਸ਼ਨਲ ਐਵੇਨਿਊ 'ਤੇ ਬਣੇ ਮਾਰਕਡ ਕਰਾਸਵਾਕ 'ਤੇ ਐਤਵਾਰ ਦੀ ਅੱਧੀ ਰਾਤ ਨੂੰ ਵਾਪਰੀ, ਜਿੱਥੇ ਇੱਕ ਐਸ.ਯੂ.ਵੀ. ਨੇ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪੀੜਤਾ ਲਗਭਗ 30 ਮੀਟਰ ਦੂਰ ਜਾ ਡਿੱਗੀ ਅਤੇ ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਿਸ ਨੇ ਦੱਸਿਆ ਕਿ ਹਾਦਸੇ ਸਮੇਂ ਕਾਫੀ ਹਨੇਰਾ ਸੀ ਅਤੇ ਭਾਰੀ ਬਾਰਿਸ਼ ਹੋ ਰਹੀ ਸੀ; ਹਾਲਾਂਕਿ ਕਾਰ ਚਾਲਕ ਮੌਕੇ 'ਤੇ ਹੀ ਰੁਕਿਆ ਰਿਹਾ ਅਤੇ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਵਿਚ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਕੋਈ ਕਾਰਨ ਨਹੀਂ ਸੀ।
ਪਿਛਲੇ ਕੁਝ ਦਿਨਾਂ ਵਿਚ ਵੈਨਕੂਵਰ ਵਿਚ ਪੈਦਲ ਯਾਤਰੀ ਨਾਲ ਵਾਪਰਿਆ ਇਹ ਦੂਜਾ ਹਾਦਸਾ ਹੈ, ਜਿਸ ਕਾਰਨ ਪੁਲਿਸ ਨੇ ਖ਼ਰਾਬ ਮੌਸਮ ਅਤੇ ਹਨੇਰੇ ਦੇ ਮੱਦੇਨਜ਼ਰ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕਾਂ 'ਤੇ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।




