Oct 27, 2026 5:30 PM - Connect Newsroom - Ramandeep Kaur with files from The Canadian Press

ਬੀ.ਸੀ. ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਹੋਈ ਇਤਿਹਾਸਕ ਜਿੱਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲੋਰਨ ਡੋਰਕਸਨ ਨੂੰ ਵਧਾਈ ਦਿੱਤੀ ਗਈ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਡੋਰਕਸਨ ਨੂੰ ਉਨ੍ਹਾਂ ਦੀ ਵੱਡੀ ਜਿੱਤ 'ਤੇ ਬਹੁਤ-ਬਹੁਤ ਵਧਾਈ, ਕੈਨੇਡਾ ਵਿਚ ਕੰਜ਼ਰਵੇਟਿਵ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਬੀ.ਸੀ. ਐਨ.ਡੀ.ਪੀ. ਅਤੇ ਡੇਵਿਡ ਈਬੀ ਨੇ ਬੀ. ਸੀ. ਕੰਜ਼ਰਵੇਟਿਵ ਨੂੰ ਟਰੰਪ ਸਟਾਈਲ ਸਿਆਸਤ ਦੇ ਨੇੜੇ ਦੱਸ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਚੋਣ ਨਤੀਜਿਆਂ ਵਿਚ ਕੰਜ਼ਰਵੇਟਿਵ ਨੇ 93 ਵਿਚੋਂ 60 ਤੋਂ ਵੱਧ ਸੀਟਾਂ ਜਿੱਤ ਕੇ ਸੂਬੇ ਵਿਚ ਪਿਛਲੇ ਲਗਭਗ 100 ਸਾਲਾਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
ਬੀ.ਸੀ. ਦੇ ਹੋਣ ਵਾਲੇ ਨਵੇਂ ਪ੍ਰੀਮੀਅਰ ਨੇ ਖ਼ੁਦ ਨੂੰ ਟਰੰਪ ਨਾਲ ਜੋੜੇ ਜਾਣ ਦੀਆਂ ਗੱਲਾਂ ਨੂੰ ਸਪੱਸ਼ਟ ਤੌਰ 'ਤੇ ਖਾਰਜ ਕੀਤਾ ਹੈ। ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬਿਆਨ ਦਿੱਤਾ ਕਿ ਉਹ ਸਿਰਫ਼ ਬ੍ਰਿਟਿਸ਼ ਕੋਲੰਬੀਆ ਨਾਲ ਮਤਲਬ ਰੱਖਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਦਾ ਮਕਸਦ ਟੈਰਿਫਸ ਨਾਲ ਪ੍ਰਭਾਵਿਤ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ।




