Oct 27, 2026 5:41 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਅੰਦਰੂਨੀ ਖੇਤਰ ਲਈ ਇਨਵਾਇਰਮੈਂਟ ਕੈਨੇਡਾ ਨੇ ਇੱਕ ਵਿਸ਼ੇਸ਼ ਮੌਸਮ ਚਿਤਾਵਨੀ ਜਾਰੀ ਕਰਦਿਆਂ ਇਸ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਮੰਗਲਵਾਰ ਦੇਰ ਸ਼ਾਮ ਤੋਂ ਕੈਮਲੂਪਸ, 100 ਮਾਈਲ ਹਾਊਸ, ਥੌਮਸਨ ਅਤੇ ਚਿਲਕੋਟਿਨ ਵਰਗੇ ਇਲਾਕਿਆਂ ਵਿਚ ਬਰਫ਼ਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਕੁਝ ਹਿੱਸਿਆਂ ਵਿਚ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨੌਰਥ ਵਿਚ ਫੋਰਟ ਨੈਲਸਨ ਕੋਲ ਹਾਈਵੇ 97 ਲਈ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਬੁੱਧਵਾਰ ਦੁਪਹਿਰ ਤੱਕ 25 ਸੈਂਟੀਮੀਟਰ ਤੱਕ ਬਰਫ ਪੈਣ ਦਾ ਅਨੁਮਾਨ ਹੈ।
ਇਨਵਾਇਰਮੈਂਟ ਕੈਨੇਡਾ ਨੇ ਇਸ ਸਥਿਤੀ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਅਚਾਨਕ ਘਟਣ ਵਾਲੀ ਵਿਜ਼ੀਬਿਲਟੀ ਅਤੇ ਸੜਕਾਂ 'ਤੇ ਬਣਨ ਵਾਲੇ ਤਿਲਕਣ ਵਾਲੇ ਹਾਲਾਤ ਪ੍ਰਤੀ ਸੁਚੇਤ ਰਹਿਣ ਅਤੇ ਡਰਾਈਵਿੰਗ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।




