Aug 15, 2025 6:30 PM - Connect Newsroom
ਏਅਰ ਕੈਨੇਡਾ ਦੇ 10 ਹਜ਼ਾਰ ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ ਏਅਰਲਾਈਨ ਦੇ ਬਾਈਡਿੰਗ ਆਰਬਿਟਰੇਸ਼ਨ ਪ੍ਰਸਤਾਵ ਨੂੰ ਰਸਮੀ ਤੌਰ 'ਤੇ ਰੱਦ ਕਰ ਦਿੱਤਾ ਹੈ। ਏਅਰ ਕੈਨੇਡਾ ਨੇ ਫੈਡਰਲ ਜੌਬਸ ਮੰਤਰੀ ਪੈਟੀ ਹਜਦੂ ਨੂੰ ਵੀ ਦਖਲ ਦੇਣ ਅਤੇ ਦੋਵੇਂ ਧਿਰਾਂ ਨੂੰ ਬਾਈਡਿੰਗ ਆਰਬਿਟਰੇਸ਼ਨ ਵਿਚ ਦਾਖਲ ਹੋਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ।
ਯੂਨੀਅਨ ਨੇ ਬਿਆਨ ਵਿਚ ਕਿਹਾ ਕਿ ਹੁਣ ਫੈਡਰਲ ਮੰਤਰੀ ਹਜਦੂ ਨੂੰ ਵੀ ਏਅਰ ਕੈਨੇਡਾ ਦੀ ਦਖਲ ਦੇਣ ਦੀ ਬੇਨਤੀ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਇਸ ਵਿਚਕਾਰ ਏਅਰ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਕੰਮ ਰੁਕਣ ਦੀ ਸੰਭਾਵਨਾ ਵਿਚ ਅੱਜ ਉਹ ਉਡਾਣ ਭਰਨ ਵਾਲੀਆਂ ਲਗਭਗ 500 ਫਲਾਈਟਸ ਨੂੰ ਰੱਦ ਕਰ ਰਹੀ ਹੈ।
ਏਅਰਲਾਈਨ ਵਲੋਂ ਅੱਜ ਦੁਪਹਿਰ ਤੱਕ 294 ਫਲਾਈਟਸ ਰੱਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ 55,726 ਯਾਤਰੀ ਪ੍ਰਭਾਵਿਤ ਹੋਏ ਹਨ। ਏਅਰ ਕੈਨੇਡਾ ਨੇ ਕਿਹਾ ਕਿ ਜਿਨ੍ਹਾਂ ਗਾਹਕਾਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਨ੍ਹਾਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਿਨਾਂ ਕਿਸੇ ਫੀਸ ਦੇ ਯਾਤਰੀ ਆਪਣੇ ਯਾਤਰਾ ਯੋਜਨਾਵਾਂ ਵਿਚ ਵੀ ਬਦਲਾਅ ਕਰ ਸਕਦੇ ਹਨ।