Sep 23, 2026 5:00 PM - Connect Newsroom - Jasmine Singh with files from The Canadian Press

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
ਉਥੇ ਹੀ ਇਨ੍ਹਾਂ ਚੋਣਾਂ 'ਤੇ ਹੋਣ ਵਾਲੇ ਖ਼ਰਚੇ ਦੀ ਗੱਲ ਕਰੀਏ ਤਾਂ ਸਾਲ 2024 ਦੀਆਂ ਪਿਛਲੀਆਂ ਸੂਬਾਈ ਚੋਣਾਂ ਨੂੰ ਨੇਪਰੇ ਚਾੜ੍ਹਨ 'ਤੇ $91 ਮਿਲੀਅਨ ਦਾ ਖ਼ਰਚਾ ਆਇਆ ਸੀ। ਇਸ ਵਾਰ ਦੀਆਂ ਚੋਣਾਂ ਲਈ ਇਲੈਕਸ਼ਨਜ਼ ਬੀ.ਸੀ. ਨੇ ਸ਼ੁਰੂਆਤੀ ਦੌਰ ਵਿਚ $50 ਮਿਲੀਅਨ ਦੇ ਬਜਟ ਦੀ ਮੰਗ ਕੀਤੀ ਹੈ ਪਰ ਇਹਨਾਂ ਦਾ ਅੰਤਿਮ ਖ਼ਰਚਾ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਦੱਸਣਯੋਗ ਹੈ ਕਿ 24 ਅਕਤੂਬਰ ਨੂੰ ਰਾਤ ਦੇ 8:00 ਵਜੇ ਵੋਟਿੰਗ ਖ਼ਤਮ ਹੁੰਦਿਆਂ ਹੀ ਸ਼ੁਰੂਆਤੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ, ਜਦੋਂ ਕਿ ਅਧਿਕਾਰਤ ਨਤੀਜੇ ਦੇ ਐਲਾਨ ਲਈ 10 ਨਵੰਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ, ਜਿਸ ਦਿਨ ਇਲੈਕਸ਼ਨ ਡਿਪਾਰਟਮੈਂਟ ਵੱਲੋਂ ਪੱਕੀ ਮੋਹਰ ਲਗਾਈ ਜਾਵੇਗੀ।




